Nabha Jail Break Case News: 2016 ਵਿੱਚ ਵਾਪਰੇ ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਲੈ ਕੇ ਅਦਾਲਤ ਨੇ ਦੋਸ਼ੀਆਂ ਨੂੰ ਵੀਰਵਾਰ ਨੂੰ ਸਜ਼ਾ ਸੁਣਾਈ। ਇਨ੍ਹਾਂ ਮੁਲਜ਼ਮਾਂ ਵਿੱਚ ਦੋ ਜੇਲ੍ਹ ਦੇ ਮੁਲਾਜ਼ਮ ਵੀ ਸਨ।
Trending Photos
Nabha Jail Break Case News: ਬਹੁਚਰਚਿਤ ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਪਟਿਆਲਾ ਦੀ ਅਦਾਲਤ ਨੇ ਵੀਰਵਾਰ ਨੂੰ 22 ਦੋਸ਼ੀਆਂ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਵਾਈ। ਇਨ੍ਹਾਂ ਵਿੱਚ ਨੌਂ ਖਤਰਨਾਕ ਗੈਂਗਸਟਰ ਤੇ ਦੋ ਜੇਲ੍ਹ ਕਰਮਚਾਰੀ ਸ਼ਾਮਲ ਹਨ। ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਨਾਭਾ ਜੇਲ੍ਹ ਕਾਂਡ 2016 ਮਾਮਲੇ ਸਬੰਧੀ ਕੇਸ ਵਿੱਚ ਅੱਜ ਇਥੋਂ ਦੀ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ 22 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਦੋ ਦਿਨ ਬਾਅਦ ਅੱਜ ਸਜ਼ਾ ਦਾ ਐਲਾਨ ਕੀਤਾ। ਪੁਲਿਸ ਦੀ ਵਰਦੀ 'ਚ ਆਏ ਗੈਂਗਸਟਰਾਂ ਵੱਲੋਂ ਜੇਲ੍ਹ ਗਾਰਡਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਮਗਰੋਂ ਚਾਰ ਕਥਿਤ ਗੈਂਗਸਟਰ ਤੇ ਦੋ ਅੱਤਵਾਦੀ ਫ਼ਰਾਰ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 34 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਬਰੀ ਕੀਤੇ ਗਏ ਮੁਲਜ਼ਮ
ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਮੁਹੰਮਦ ਅਸੀਮ, ਨਰੇਸ਼ ਨਾਰੰਗ, ਤੇਜਿੰਦਰ ਸ਼ਰਮਾ, ਜਤਿੰਦਰ ਸਿੰਘ ਉਰਫ ਟੋਨੀ, ਵਰਿੰਦਰ ਸਿੰਘ ਉਰਫ ਰਿੱਕੀ ਸਹੋਤਾ ਅਤੇ ਰਣਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ 'ਤੇ ਜੇਲ੍ਹ ਬ੍ਰੇਕ ਮਾਮਲੇ ਦੀ ਸਾਜ਼ਿਸ਼ ਰਚਣ, ਜੇਲ੍ਹ ਤੋੜਨ ਵਾਲੇ ਅਪਰਾਧੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ, ਪੈਸੇ ਦੇ ਕੇ ਮਦਦ ਕਰਨ ਅਤੇ ਬਾਅਦ 'ਚ ਉਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ ਸਨ ਪਰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਸਾਰਿਆਂ ਨੂੰ ਬਰੀ ਕਰ ਦਿੱਤਾ।
ਦੋਸ਼ੀਆਂ ਦੀ ਸੂਚੀ
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 22 ਦੋਸ਼ੀਆਂ 'ਚੋਂ 9 ਖ਼ੌਫ਼ਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਉਰਫ਼ ਢੋਟੀਆਂ, ਸੁਲੱਖਣ ਸਿੰਘ ਉਰਫ਼ ਬੱਬਰ, ਮਨਵੀਰ ਸਿੰਘ ਉਰਫ਼ ਮਨੀ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਪ੍ਰੀਤ ਸਿੰਘ ਖੌਰਾ, ਬਿੱਕਰ ਸਿੰਘ, ਪਲਵਿੰਦਰ ਸਿੰਘ ਤੇ ਜਗਤਵੀਰ ਸਿੰਘ ਉਰਫ਼ ਜਗਤਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਜ਼ਾਯਾਫ਼ਤਾ ਦੋਸ਼ੀਆਂ ਵਿੱਚ ਗੁਰਪ੍ਰੀਤ, ਗੁਰਜੀਤ ਸਿੰਘ ਉਰਫ਼ ਲਾਡਾ, ਹਰਜੋਤ ਸਿੰਘ ਉਰਫ਼ ਜੋਤ, ਕੁਲਵਿੰਦਰ ਸਿੰਘ ਉਰਫ਼ ਢੀਂਬਾਰੀ, ਰਾਜਵਿੰਦਰ ਸਿੰਘ ਉਰਫ਼ ਰਾਜੂ ਸੁਲਤਾਨ, ਰਵਿੰਦਰ ਸਿੰਘ ਉਰਫ਼ ਗਿਆਨਾ, ਸੁਖਚੈਨ ਸਿੰਘ ਉਰਫ਼ ਸੁੱਖੀ, ਮਨਜਿੰਦਰ ਸਿੰਘ, ਅਮਨ ਕੁਮਾਰ, ਸੁਨੀਲ ਕਾਲੜਾ, ਕਿਰਨ ਪਾਲ ਸਿੰਘ ਉਰਫ਼ ਕਿਰਨਾ, ਜੇਲ੍ਹ ਮੁਲਾਜ਼ਮ ਭੀਮ ਸਿੰਘ ਅਤੇ ਜਗਮੀਤ ਸਿੰਘ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਜੇਲ੍ਹ ਮੁਲਾਜ਼ਮਾਂ 'ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸਨ ਪਰ ਇਹ ਗੱਲ ਅਦਾਲਤ 'ਚ ਸਾਬਤ ਨਹੀਂ ਹੋ ਸਕੀ ਅਤੇ ਅਦਾਲਤ ਨੇ ਇਨ੍ਹਾਂ ਦੋਵਾਂ ਜੇਲ੍ਹ ਕਰਮਚਾਰੀਆਂ ਨੂੰ ਡਿਊਟੀ 'ਚ ਅਣਗਹਿਲੀ ਦਾ ਦੋਸ਼ੀ ਪਾਇਆ। ਦੂਜੇ ਪਾਸੇ ਮਨਜਿੰਦਰ ਸਿੰਘ, ਅਮਨ ਕੁਮਾਰ, ਸੁਨੀਲ ਕਾਲੜਾ ਅਤੇ ਕਿਰਨ ਪਾਲ ਸਿੰਘ ਨੂੰ ਮੁਲਜ਼ਮਾਂ ਨੂੰ ਪਨਾਹ ਦੇਣ ਦਾ ਦੋਸ਼ੀ ਪਾਇਆ ਗਿਆ ਹੈ। ਬਾਕੀਆਂ ਨੂੰ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਡਕੈਤੀ ਦੀਆਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ : Amritpal Singh latest news: ਪੁਲਿਸ ਦੇ ਖ਼ੁਲਾਸੇ; ਹਰਿਆਣਾ ਦੇ ਸ਼ਾਹਬਾਦ 'ਚ ਅੰਮ੍ਰਿਤਪਾਲ ਸਿੰਘ ਨੇ ਲਈ ਸੀ ਪਨਾਹ
ਜਾਣੋ ਪੂਰਾ ਘਟਨਾਕ੍ਰਮ
27 ਨਵੰਬਰ 2016 ਨੂੰ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ 'ਤੇ ਪੁਲਿਸ ਵਰਦੀ 'ਚ ਆਏ ਅਪਰਾਧੀਆਂ ਨੇ ਗੱਡੀਆਂ 'ਚ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ ਤੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਤੇ ਅੱਤਵਾਦੀ ਕਸ਼ਮੀਰ ਸਿੰਘ ਸਮੇਤ ਚਾਰ ਕਥਿਤ ਗੈਂਗਸਟਰਾਂ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਅਮਨਦੀਪ ਸਿੰਘ ਉਰਫ਼ ਧੋਤੀਆਂ ਨੂੰ ਭਜਾ ਕੇ ਲੈ ਗਏ ਸਨ। ਬਾਅਦ ਵਿੱਚ ਗ੍ਰਿਫਤਾਰ ਕੀਤੇ ਗਏ ਮਿੰਟੂ ਦੀ ਅਪ੍ਰੈਲ 2018 ਵਿੱਚ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਅੱਤਵਾਦੀ ਕਸ਼ਮੀਰ ਸਿੰਘ ਅਜੇ ਤੱਕ ਫ਼ਰਾਰ ਹੈ। ਵਿੱਕੀ ਗੌਂਡਰ ਜਨਵਰੀ 2018 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਤੇ ਬਾਕੀ ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਜੇਲ੍ਹ ਵਿੱਚ ਹਨ।
ਇਹ ਵੀ ਪੜ੍ਹੋ : ਜਾਣੋ ਕੀ ਹੈ ਚਾਰ ਸਾਲ ਪੁਰਾਣਾ ਮਾਮਲਾ? ਜਿਸ 'ਚ ਰਾਹੁਲ ਗਾਂਧੀ ਨੂੰ ਠਹਿਰਾਇਆ ਗਿਆ ਦੋਸ਼ੀ