Kerala News: ਕੇਰਲ ਤੋਂ ਇੱਕ ਦੁਖਦਾਈ ਤੇ ਚਿੰਤਤ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇਥੇ ਇੱਕ ਮਰੀਜ਼ ਨੇ ਚਾਕੂ ਮਾਰ ਕੇ ਇੱਕ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Trending Photos
Kerala News: ਕੇਰਲ ਦੇ ਕੋਟਾਰਕਾਰਾ ਦੇ ਤਾਲੁਕ ਹਸਪਤਾਲ 'ਚ ਇਲਾਜ ਲਈ ਲਿਆਂਦੇ ਗਏ ਇੱਕ ਸਖ਼ਸ਼ ਨੇ ਬੁੱਧਵਾਰ ਨੂੰ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ ਦੀ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਸਪਤਾਲ ਪਹੁੰਚਾਇਆ। ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਮਸ ਹਸਪਤਾਲ ਦਾ ਦੌਰਾ ਕੀਤਾ। ਇਸ ਹਸਪਤਾਲ ਵਿੱਚ ਡਾ. ਵੰਦਨਾ ਦਾਸ ਦੀ ਦੇਹ ਰੱਖੀ ਗਈ ਹੈ।
ਕੋਟਾਰਾਕਾਰਾ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਾਕਟਰ ਵਿਅਕਤੀ ਦੀ ਲੱਤ 'ਤੇ ਲੱਗੇ ਜ਼ਖਮ 'ਤੇ ਡਰੈਸਿੰਗ ਕਰ ਹੀ ਸੀ ਤਾਂ ਉਹ ਮਰੀਜ਼ ਅਚਾਨਕ ਗੁੱਸੇ 'ਚ ਆ ਗਿਆ ਅਤੇ ਉਸ ਨੇ ਉਥੇ ਖੜ੍ਹੇ ਸਾਰਿਆਂ 'ਤੇ ਕੈਂਚੀ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਹਮਲੇ 'ਚ ਮਹਿਲਾ ਡਾਕਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਹਮਲੇ ਵਿੱਚ ਮੁਲਜ਼ਮ ਨੂੰ ਹਸਪਤਾਲ ਲੈ ਕੇ ਆਏ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਡਾਕਟਰ ਨੂੰ ਤਿਰੂਵਨੰਤਪੁਰਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕੋਟਾਰਕਾਰਾ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੁਆਰਾ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਲਈ ਐਮਰਜੈਂਸੀ ਨੰਬਰ 'ਤੇ ਕਾਲ ਕੀਤੀ ਸੀ। ਉਸ ਨੇ ਦੱਸਿਆ ਕਿ ਮੌਕੇ ਉਪਰ ਪਹੁੰਚੀ ਪੁਲਿਸ ਨੇ ਦੋਸ਼ੀ ਨੂੰ ਜ਼ਖਮੀ ਹਾਲਤ 'ਚ ਤਾਲੁਕ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ। ਅਧਿਕਾਰੀ ਨੇ ਕਿਹਾ, "ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਅਸੀਂ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਹ ਹਿੰਸਕ ਹੋ ਗਿਆ। ਉਹ ਮਹਿਲਾ ਡਾਕਟਰ ਦੇ ਨਾਲ ਇਕੱਲਾ ਸੀ ਕਿਉਂਕਿ ਉਨ੍ਹਾਂ ਨੂੰ ਕਮਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ। ਮਹਿਲਾ ਡਾਕਟਰ ਦੋਸ਼ੀ ਦੀ ਮੱਲ੍ਹਮ-ਪੱਟੀ ਕਰ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਦਕਿ ਮਹਿਲਾ ਡਾਕਟਰ ਦੀ ਮੌਤ ਤੋਂ ਬਾਅਦ ਉਸ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕੀਤਾ ਜਾਵੇਗਾ।
ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਇੱਕ ਅਧਿਕਾਰੀ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ ਕਿ ਇਹ ਇੱਕ ਮੰਦਭਾਗੀ ਤੇ ਦੁਖਦਾਈ ਘਟਨਾ ਹੈ ਅਤੇ ਕੇਰਲ ਭਰ ਦੇ ਡਾਕਟਰ ਇਸਦਾ ਵਿਰੋਧ ਕਰਨਗੇ। ਆਈਐਮਏ ਅਧਿਕਾਰੀ ਨੇ ਕਿਹਾ ਕਿ ਡਾਕਟਰ ਵੰਦਨਾ ਦਾਸ ਅਜ਼ੀਜ਼ੀਆ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਹਾਊਸ ਸਰਜਨ ਸੀ ਤੇ ਆਪਣੀ ਸਿਖਲਾਈ ਦੇ ਹਿੱਸੇ ਵਜੋਂ ਤਾਲੁਕ ਹਸਪਤਾਲ ਵਿੱਚ ਸੀ। ਆਈਐਮਏ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਬਚਾਉਣ ਲਈ ਕਈ ਯਤਨ ਕੀਤੇ ਗਏ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰ ਵੰਦਨਾ ਦਾਸ ਦੀ ਹੱਤਿਆ ਦੇ ਵਿਰੋਧ 'ਚ ਕੋਟਾਰਕਾਰਾ 'ਚ ਮੈਡੀਕਲ ਪੇਸ਼ੇਵਰ ਸੜਕਾਂ 'ਤੇ ਉਤਰ ਆਏ। ਕੇਰਲ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਦਖਲ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ