2025 ਦੀਆਂ ਦਿੱਲੀ ਚੋਣਾਂ ਲਈ ਐਗਜ਼ਿਟ ਪੋਲ ਨੇ ਭਾਜਪਾ ਨੂੰ 'ਆਪ' ਉੱਤੇ ਬੜ੍ਹਤ ਦਿੱਤੀ ਹੈ, ਜੋ 1998 ਤੋਂ ਬਾਅਦ ਦਿੱਲੀ ਦੀ ਸੱਤਾ ਵਿੱਚ ਭਾਜਪਾ ਦੀ ਵਾਪਸੀ ਅਤੇ ਆਪ ਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੰਕੇਤ ਦਿੰਦੀ ਹੈ।
Trending Photos
Delhi Exit Polls 2025: ਅੱਜ ਦਿੱਲੀ ਵਿੱਚ ਵੋਟਿੰਗ ਹੋਈ ਜੋ ਇਹ ਤੈਅ ਕਰੇਗੀ ਕਿ ਅਗਲੇ ਪੰਜ ਸਾਲਾਂ ਲਈ ਕੌਣ ਸੱਤਾ ਵਿੱਚ ਰਹੇਗਾ। ਦੇਸ਼ ਦੀ ਰਾਜਧਾਨੀ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ। ਭਾਜਪਾ ਨੇ ਦਾਅਵਾ ਕੀਤਾ ਹੈ ਕਿ 'ਆਪ' ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚ ਕੋਈ ਤਰੱਕੀ ਨਹੀਂ ਹੋਈ ਹੈ। ਜਦੋਂਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਕੰਮ ਦੇ ਦਮ ਉੱਤੇ ਮੁੜ ਸੱਤਾ ਵਿੱਚ ਵਾਪਸੀ ਦਾ ਦਾਅਵਾ ਠੋਕ ਰਹੀ ਹੈ।
ਵੋਟਿੰਗ ਤੋਂ ਬਾਅਦ ਵੱਖ-ਵੱਖ ਏਜੰਸੀਆਂ ਵੱਲੋਂ 2025 ਦੀਆਂ ਦਿੱਲੀ ਚੋਣਾਂ ਲਈ ਐਗਜ਼ਿਟ ਪੋਲ ਜਾਰੀ ਕੀਤੇ ਗਏ ਹਨ। ਇਨ੍ਹਾਂ ਐਗਜ਼ਿਟ ਪੋਲਾਂ ਵਿੱਚ ਜ਼ਿਆਦਾਤਰ ਏਜੰਸੀਆਂ ਨੇ ਦਿੱਲੀ ਵਿੱਚ ਬੀਜੇਪੀ ਦੀ ਸੱਤਾ ਵਾਪਸੀ ਦੇ ਸੰਕੇਤ ਦਿੱਤੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ 1998 ਤੋਂ ਬਾਅਦ ਦੇਸ਼ ਦੀ ਰਾਜਧਾਨੀ 'ਚ ਭਾਜਪਾ ਦੀ ਵਾਪਸੀ ਹੋਵੇਗੀ ਅਤੇ ਕੇਜਰੀਵਾਲ ਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਦੇਖਣਾ ਪਵੇਗਾ।
ਦਿੱਲੀ ਵਿਧਾਨ ਸਭਾ ਚੋਣਾਂ ਲਈ 11 ਐਗਜ਼ਿਟ ਪੋਲ ਆਏ ਹਨ। ਭਾਜਪਾ ਨੂੰ 9 'ਚ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਜਦੋਂਕਿ 2 ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਬਣਨ ਦੀ ਉਮੀਦ ਹੈ।
ਜੇਕਰ ਭਾਜਪਾ ਨੂੰ ਬਹੁਮਤ ਮਿਲਦਾ ਹੈ ਤਾਂ ਇਹ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਹੋਵੇਗੀ। ਇਸ ਤੋਂ ਪਹਿਲਾਂ 1993 ਵਿੱਚ ਭਾਜਪਾ ਨੇ ਦਿੱਲੀ ਵਿੱਚ ਆਪਣੀ ਸਰਕਾਰ ਬਣਾਈ ਸੀ।
ਐਗਜ਼ਿਟ ਪੋਲ ਮੁਤਾਬਿਕ ਭਾਜਪਾ ਨੂੰ 39, 'ਆਪ' ਨੂੰ 30 ਅਤੇ ਕਾਂਗਰਸ ਨੂੰ ਇਕ ਸੀਟ ਮਿਲਣ ਦੀ ਉਮੀਦ ਹੈ। JVC ਅਤੇ ਪੋਲ ਡਾਇਰੀ ਨੇ ਆਪਣੇ ਐਗਜ਼ਿਟ ਪੋਲ ਵਿੱਚ ਭਵਿੱਖਬਾਣੀ ਕੀਤੀ ਹੈ ਕਿ ਹੋਰਾਂ ਨੂੰ ਵੀ 1-1 ਸੀਟ ਮਿਲ ਸਕਦੀ ਹੈ।
ਬੁੱਧਵਾਰ ਸ਼ਾਮ 5 ਵਜੇ ਤੱਕ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ 57.70% ਵੋਟਿੰਗ ਹੋਈ ਹੈ। ਵੋਟਿੰਗ ਦਾ ਸਮਾਂ ਸ਼ਾਮ 6 ਵਜੇ ਖਤਮ ਹੋ ਗਿਆ, ਪਰ ਕਤਾਰ ਵਿੱਚ ਖੜ੍ਹੇ ਲੋਕ ਅਜੇ ਵੀ ਆਪਣੀ ਵੋਟ ਪਾ ਰਹੇ ਹਨ। ਚੋਣ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਸਰਕਾਰ ਬਣਾਉਣ ਲਈ 36 ਸੀਟਾਂ ਦੀ ਲੋੜ ਹੈ।