ਪੁਲਿਸ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ, ਕਿਉਂਕਿ ਬੱਚੇ ਦਾ ਇੱਕਲਿਆਂ ਇਸ ਤਰ੍ਹਾ ਝੀਲ ’ਤੇ ਆਉਣਾ ਨਾਮੁਮਕਿਨ ਹੈ।
Trending Photos
ਚੰਡੀਗੜ੍ਹ: ਸੁਖਨਾ ਝੀਲ ’ਤੇ ਪਾਣੀ ’ਚ ਕਰੀਬ 6 ਸਾਲ ਦੇ ਬੱਚੇ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਪੁਲਿਸ ਦੁਆਰਾ ਬੱਚੇ ਦੀ ਸ਼ਨਾਖ਼ਤ ਲਈ ਨੇੜੇ ਦੇ ਪਿੰਡਾਂ ਦੇ ਲੋਕਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੁਖਨਾ ਝੀਲ (Sukhna Lake) ਦੇ ਪਿਛਲੇ ਪਾਸੇ ਪਿੰਡ ਕਿਸ਼ਨਗੜ੍ਹ ’ਚ ਬਾਹਰੇ ਸੂਬਿਆਂ ਤੋਂ ਲੋਕ ਵੱਡੀ ਗਿਣਤੀ ’ਚ ਆ ਕੇ ਵੱਸੇ ਹੋਏ ਹਨ। ਪੁਲਿਸ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ, ਕਿਉਂਕਿ ਬੱਚੇ ਦਾ ਇੱਕਲਿਆਂ ਇਸ ਤਰ੍ਹਾ ਝੀਲ ’ਤੇ ਆਉਣਾ ਨਾਮੁਮਕਿਨ ਹੈ।
ਸੈਕਟਰ 3 ਦੇ ਚੌਂਕੀ ਇੰਚਾਰਜ ਸੁਖਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਕਰੀਬ 11 ਵਜੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਰੈਗੂਲੇਟਰੀ ਐਂਡ (Regulatory End) ਦੇ ਨੇੜੇ ਜੰਗਲ ਵੱਲ ਜਾਣ ਵਾਲੇ ਰਸਤੇ ਕੋਲ ਝੀਲ ਦੇ ਕਿਨਾਰੇ ਬੱਚੇ ਦੀ ਲਾਸ਼ ਤੈਰ ਰਹੀ ਹੈ। ਸੂਚਨਾ ਮਿਲਦੇ ਹੀ ਸਬ-ਇੰਸਪੈਕਟਰ ਨਸੀਬ ਸਿੰਘ, ਹੋਮਗਾਰਡ ਜਰਨੈਲ ਸਿੰਘ ਅਤੇ ਇੱਕ ਕਾਂਸਟੇਬਲ ਮੌਕੇ ’ਤੇ ਪਹੁੰਚੇ ਅਤੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਬੱਚੇ ਦੀ ਦੇਹ ਨੂੰ ਬਾਹਰ ਕੱਢਿਆ।
ਚੌਂਕੀ ਇੰਚਾਰਜ ਨੇ ਦੱਸਿਆ ਕਿ ਬੱਚੇ ਦੇ ਸ਼ਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਹਨ। ਲਾਸ਼ ਦੀ ਹਾਲਤ ਦੇਖਣ ਤੋਂ ਅੰਦਾਜਾ ਲਗਦਾ ਹੈ ਕਿ ਮੌਤ ਤਕਰੀਬਨ 2 ਦਿਨ ਪਹਿਲਾਂ ਹੋਈ ਹੈ। ਸ਼ਰੀਰ ’ਚ ਪਾਣੀ ਭਰ ਜਾਣ ਕਾਰਨ ਲਾਸ਼ ਪਾਣੀ ’ਤੇ ਤੈਰ ਰਹੀ ਸੀ। ਹਾਲਾਂਕਿ ਮੌਤ ਕਿਵੇਂ ਅਤੇ ਕਦੋਂ ਹੋਈ, ਇਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਦੀ ਸ਼ਾਮ ਪੰਜਾਬ ਯੂਨਿਵਰਸਿਟੀ (Punjab University) ’ਚ ਬੀ-ਕਾਮ ਕਰ ਰਹੇ ਵਿਦਿਆਰਥੀ ਨੇ ਆਤਮ ਹੱਤਿਆ ਦੇ ਇਰਾਦੇ ਨਾਲ ਸੁਖਨਾ ਝੀਲ ’ਚ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਝੀਲ ਦੇ ਕਿਨਾਰੇ ਕਸਰਤ ਕਰ ਰਹੇ ਮੇਜਰ ਜਿਤੇਸ਼ ਚੱਢਾ ਅਤੇ ਸਾਫ਼ਟਵੇਅਰ ਇੰਜੀਨੀਅਰ ਨੇ ਮੌਕੇ ’ਤੇ ਛਲਾਂਗ ਲਗਾਉਂਦਿਆਂ ਉਸਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।
ਇਸ ਤਰ੍ਹਾਂ 28 ਅਕਤੂਬਰ ਨੂੰ ਝੀਲ ਦੇ ਨਾਲ ਪੈਂਦੇ ਬੁੱਧਾ ਗਾਰਡਨ ’ਚ ਜਲੰਧਰ ਦੀ ਰਹਿਣ ਵਾਲੀ 22 ਸਾਲਾਂ ਦੀ ਅੰਜਲੀ ਦੀ ਲਾਸ਼ ਬਰਾਮਦ ਹੋਈ ਸੀ, ਜਿਸਦੀ ਹੱਤਿਆ ਉਸਦੇ ਪ੍ਰੇਮੀ ਜਗਰੂਪ ਨੇ ਕਰ ਦਿੱਤੀ ਸੀ।