Punjab News: ਪੰਜਾਬ ਦੀ ਲੀਚੀ ਦੀ ਪਹਿਲੀ ਖੇਪ ਹਾਲ ਹੀ ਵਿੱਚ ਇੰਗਲੈਂਡ ਨੂੰ ਸਫ਼ਲਤਾਪੂਰਵਕ ਐਕਸਪੋਰਟ ਕਰਨ ਤੋਂ ਬਾਅਦ ਅੱਜ ਇੰਗਲੈਂਡ (ਯੂਕੇ) ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਵੱਲੋਂ ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ
Trending Photos
Punjab News: ਪੰਜਾਬ ਤੋਂ ਇੰਗਲੈਂਡ ਨੂੰ ਲੀਚੀ ਦੀ ਪਹਿਲੀ ਖੇਪ ਸਫਲਤਾਪੂਰਵਕ ਬਰਾਮਦ ਕਰਨ ਤੋਂ ਬਾਅਦ, ਇੰਗਲੈਂਡ (ਯੂ.ਕੇ.) ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੇ ਅੱਜ ਪੰਜਾਬ ਦੇ ਬਾਗਬਾਨੀ ਮੰਤਰੀ ਸ: ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕਰਕੇ ਲੀਚੀ ਦੀ ਭਵਿੱਖੀ ਬਰਾਮਦ ਬਾਰੇ ਵਿਚਾਰ ਵਟਾਂਦਰਾ ਕੀਤਾ ਅਗਲੀ ਰਣਨੀਤੀ ਅਤੇ ਖੇਤੀ ਸਹਾਇਕ ਤਕਨੀਕਾਂ ਨੂੰ ਸਾਂਝਾ ਕਰਨ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਇਸ ਉੱਚ ਪੱਧਰੀ ਮੀਟਿੰਗ ਦੌਰਾਨ ਪੰਜਾਬ ਤੋਂ ਖੇਤੀ ਨਿਰਯਾਤ ਸੰਭਾਵਨਾਵਾਂ ਨੂੰ ਵਧਾਉਣ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ, ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਸਥਾਨ ਦਿਵਾਉਣ ਦੀ ਦੂਰਅੰਦੇਸ਼ੀ ਸੋਚ ਰੱਖਦੀ ਹੈ। ਇਸ ਦਿਸ਼ਾ ਵਿੱਚ ਸੂਬੇ ਵਿੱਚੋਂ ਹਾਲ ਹੀ ਵਿੱਚ ਹੋਈ ਲੀਚੀ ਦੀ ਬਰਾਮਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਉਤਪਾਦਾਂ ਨੂੰ ਵਿਸ਼ਵ ਭਰ ਦੀਆਂ ਨਵੀਆਂ ਮੰਡੀਆਂ ਵਿੱਚ ਪ੍ਰਫੁੱਲਤ ਕਰਨ ਲਈ ਸਰਕਾਰ ਦਾ ਇਹ ਉਪਰਾਲਾ ਇੱਕ ਨਵੀਂ ਮਿਸਾਲ ਹੈ।
ਮੀਟਿੰਗ ਦੌਰਾਨ ਸੂਰਜੀ ਊਰਜਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਰੋਨ ਮੈਪਿੰਗ, ਉੱਨਤ ਖੇਤੀ ਤਕਨੀਕਾਂ, ਖੇਤੀ-ਵਪਾਰਕ ਉੱਦਮ ਦੇ ਮੌਕਿਆਂ ਅਤੇ ਕਾਰਬਨ ਅਤੇ ਵਾਟਰ ਕ੍ਰੈਡਿਟ ਦੀ ਖੋਜ ਸਮੇਤ ਪੰਜਾਬ ਦੇ ਨਿਰਯਾਤ ਲਈ ਇੱਕ ਏਕੀਕ੍ਰਿਤ ਬ੍ਰਾਂਡ ਦੇ ਵਿਕਾਸ ਵਿੱਚ ਸੰਭਾਵੀ ਸਹਿਯੋਗ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਚੈੱਕ ਗਣਰਾਜ ਦੇ ਵਫ਼ਦ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ
ਰੋਵੇਟ ਨੇ ਲੀਚੀ ਨਿਰਯਾਤ ਪ੍ਰੋਗਰਾਮ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਅਤੇ ਪੰਜਾਬ ਅਤੇ ਯੂਕੇ ਵਿੱਚ ਭਵਿੱਖ ਵਿੱਚ ਸਹਿਯੋਗ ਲਈ ਹੋਰ ਰੂਪ ਰੇਖਾ ਤਿਆਰ ਕਰਨ ਦਾ ਭਰੋਸਾ ਦਿੱਤਾ। ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਦੱਸਿਆ ਕਿ ਸੂਬੇ ਵਿੱਚੋਂ ਲੀਚੀ ਦੀ ਅਗਲੀ ਵੱਡੀ ਖੇਪ ਜਲਦੀ ਹੀ ਇੰਗਲੈਂਡ ਨੂੰ ਬਰਾਮਦ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਦੇ ਸਹਿਯੋਗ ਨਾਲ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਲੀਚੀ ਦੀ ਬਰਾਮਦ ਪੰਜਾਬ ਦੇ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਹੈ। ਸੂਬੇ ਦੇ ਨਿੰਮ-ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਬਰਾਮਦ ਕੀਤੀ ਜਾਂਦੀ ਲੀਚੀ ਇਸ ਖੇਤਰ ਦੇ ਅਨੁਕੂਲ ਮੌਸਮ ਕਾਰਨ ਆਪਣੇ ਗੂੜ੍ਹੇ ਲਾਲ ਰੰਗ ਅਤੇ ਮਿਠਾਸ ਲਈ ਮਸ਼ਹੂਰ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ 3,250 ਹੈਕਟੇਅਰ ਰਕਬੇ ਵਿੱਚ ਲੀਚੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿੱਥੋਂ ਸਾਲਾਨਾ 13,000 ਮੀਟ੍ਰਿਕ ਟਨ ਲੀਚੀ ਪੈਦਾ ਹੁੰਦੀ ਹੈ, ਜਿਸ ਕਾਰਨ ਪੰਜਾਬ ਨੇ ਵਿਸ਼ਵ ਲੀਚੀ ਮੰਡੀ ਵਿੱਚ ਇੱਕ ਵੱਡੇ ਕਾਸ਼ਤਕਾਰ ਵਜੋਂ ਸਥਾਨ ਹਾਸਲ ਕੀਤਾ ਹੈ।ਮੀਟਿੰਗ ਵਿੱਚ ਡਾਇਰੈਕਟਰ ਬਾਗਬਾਨੀ ਸ਼ਲਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।