Attack on former Pakistan PM Imran Khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰੈਲੀ ਦੌਰਾਨ ਲੱਗੀ ਗੋਲੀ। ਇਮਰਾਨ ਖ਼ਾਨ ਸਣੇ 6 ਲੋਕ ਹੋਏ ਜਖ਼ਮੀ
Trending Photos
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰੈਲੀ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਦੀ ਰਿਪੋਰਟ ਮੁਤਾਬਿਕ ਹਮਲੇ 'ਚ ਇਮਰਾਨ ਖ਼ਾਨ ਸਣੇ 6 ਲੋਕ ਜਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਵਜ਼ੀਰਾਬਾਦ 'ਚ ਪੀਟੀਆਈ ਪ੍ਰਧਾਨ ਇਮਰਾਨ ਖਾਨ ਦੇ ਕੰਟੇਨਰ 'ਤੇ ਗੋਲੀਬਾਰੀ ਕੀਤੀ ਗਈ।
ਇਸ ਹਮਲੇ 'ਚ ਇਮਰਾਨ ਖ਼ਾਨ ਦੇ ਪੈਰ 'ਚ ਗੋਲੀ ਲੱਗੀ ਹੈ। ਸਾਹਮਣੇ ਆ ਰਹੀਆਂ ਤਸਵੀਰਾਂ 'ਚ ਉਨ੍ਹਾਂ ਦੇ ਸੱਜੀ ਲੱਤ 'ਤੇ ਪੱਟੀ ਲੱਗੀ ਦਿਖਾਈ ਦੇ ਰਹੀ ਹੈ। ਰਿਪੋਰਟਾਂ ਮੁਤਾਬਕ ਹਮਲੇ ਤੋਂ ਬਾਅਦ ਇਮਰਾਨ ਖ਼ਾਨ ਨੂੰ ਕੰਟੇਨਰ ਤੋਂ ਬਾਹਰ ਕੱਢਿਆ ਗਿਆ ਤੇ ਬੁਲੇਟ ਪਰੂਫ ਕਾਰ 'ਚ ਬਿਠਾ ਕੇ ਹਸਪਤਾਲ ਲੈ ਜਾਇਆ ਗਿਆ।
ਪੀਟੀਆਈ ਦੇ ਫਾਰੂਕ ਹਬੀਬ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਰਟੀ ਮੁਖੀ ਇਮਰਾਨ ਖ਼ਾਨ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਏ ਹਨ। ਕੰਟੇਨਰ ਨੇੜੇ ਗੋਲੀਬਾਰੀ ਵਿੱਚ ਇਮਰਾਨ ਖ਼ਾਨ ਦੇ ਨਾਲ-ਨਾਲ ਪੀਟੀਆਈ ਆਗੂ ਫੈਜ਼ਲ ਜਾਵੇਦ ਵੀ ਜ਼ਖ਼ਮੀ ਹੋ ਗਏ। ਦੱਸ ਦਈਏ ਕਿ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਰੋਸ ਮਾਰਚ ਦਾ ਅੱਜ ਸੱਤਵਾਂ ਦਿਨ ਸੀ।
ਗੌਰਤਲਬ ਹੈ ਜਦੋਂ ਗੋਲੀਬਾਰੀ ਹੋਈ ਤਾਂ ਉਸ ਸਮੇਂ ਇਮਰਾਨ ਖ਼ਾਨ ਲਾਹੌਰ ਤੋਂ ਇਸਲਾਮਾਬਾਦ ਤੱਕ ਮਾਰਚ ਕੱਢ ਰਹੇ ਸਨ। ਇਸ ਹਮਲੇ ਤੋਂ ਬਾਅਦ ਇਮਰਾਨ ਖਾਨ ਨੂੰ ਕੰਟੇਨਰ ਤੋਂ ਉਤਾਰ ਕੇ ਬੁਲੇਟ ਪਰੂਫ ਕਾਰ 'ਚ ਬਿਠਾਇਆ ਗਿਆ।
ਹਾਲਾਂਕਿ ਇਮਰਾਨ ਖ਼ਾਨ 'ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਫੜ ਲਿਆ ਗਿਆ ਹੈ। ਇਮਰਾਨ 'ਤੇ ਹੋਏ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਰਾਜਨੀਤੀ 'ਚ ਇਕ ਵਾਰ ਫਿਰ ਖੂਨੀ ਖੇਡ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ 'ਤੇ ਵੀ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ ਸੀ, ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਮੌਜੂਦਾ ਸਮੇਂ 'ਚ ਉਨ੍ਹਾਂ ਦਾ ਪੁੱਤਰ ਬਿਲਾਵਲ ਭੁੱਟੋ ਪਾਕਿਸਤਾਨ ਦੀ ਸਰਕਾਰ 'ਚ ਇਕਲੌਤਾ ਵਿਦੇਸ਼ ਮੰਤਰੀ ਹੈ, ਜਿਸ ਦੇ ਖਿਲਾਫ ਇਮਰਾਨ ਖ਼ਾਨ ਨੇ ਅੰਦੋਲਨ ਸ਼ੁਰੂ ਕੀਤਾ ਹੋਇਆ ਸੀ ।
ਇਮਰਾਨ ਦੀ ਪਾਰਟੀ ਦੇ ਮਾਰਚ ਦਾ ਅੱਜ ਸੱਤਵਾਂ ਦਿਨ ਸੀ 'ਤੇ ਯੋਜਨਾ ਅਨੁਸਾਰ ਸੱਤ ਦਿਨਾਂ ਵਿੱਚ ਉਨ੍ਹਾਂ ਦੇ ਕਾਫ਼ਲੇ ਨੂੰ ਇਸਲਾਮਾਬਾਦ ਪਹੁੰਚਣਾ ਸੀ। ਪਹਿਲਾਂ ਇਹ ਕਾਫ਼ਲਾ 4 ਨਵੰਬਰ ਨੂੰ ਇਸਲਾਮਾਬਾਦ ਪੁੱਜਣਾ ਸੀ ਪਰ ਪੀਟੀਆਈ ਦੇ ਜਨਰਲ ਸਕੱਤਰ ਅਸਦ ਉਮਰ ਨੇ ਕਿਹਾ ਕਿ ਹੁਣ ਇਹ ਕਾਫ਼ਲਾ 11 ਨਵੰਬਰ ਨੂੰ ਰਾਜਧਾਨੀ ਪਹੁੰਚੇਗਾ। ਇਮਰਾਨ ਖ਼ਾਨ ਦੇਸ਼ 'ਚ ਜਲਦੀ ਨਵੀਆਂ ਚੋਣਾਂ ਦੀ ਮੰਗ ਕਰ ਰਹੇ ਹਨ ਅਤੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਹਨ।