Punjab News: ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਾ ਹੈ ਤੇ ਕੋਰ ਕਮੇਟੀ ਦੀ ਪਾਰਟੀ ਦੀ ਮੀਟਿੰਗ ਵਿੱਚ ਇਹਨਾਂ ਚੋਣਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
Trending Photos
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ (Daljit Singh Cheema) ਅੱਜ ਕੀਰਤਪੁਰ ਸਾਹਿਬ ਵਿਖੇ ਪੁੱਜੇ ਤੇ ਉਹਨਾਂ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖੀ। ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਸੰਬੰਧ ਵਿੱਚ ਆਪਣੀ ਪ੍ਰਤੀਕਿਰਿਆ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਲੋਕਤੰਤਰ ਦੀ ਨੀਂਹ ਹਨ, ਉਨ੍ਹਾਂ ਕਿਹਾ ਚੋਣਾਂ ਲੋਕਤੰਤਰ ਦੇ ਲਈ ਜ਼ਰੂਰੀ ਹੁੰਦਾ ਹੈ ਪਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਇਹ ਚੋਣਾਂ ਨਿਰਪੱਖ ਢੰਗ ਨਾਲ ਹੋਣ।
ਡਾਕਟਰ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਉਪਰ ਵੱਡੀ ਜ਼ਿੰਮੇਵਾਰੀ ਹੋਵੇਗੀ ਤੇ ਜੇਕਰ ਇਹ ਚੋਣਾਂ ਨਿਰਪੱਖ ਢੰਗ ਨਾਲ ਹੁੰਦੀਆਂ ਹਨ ਤਾਂ ਸੂਬਾ ਸਰਕਾਰ ਨੂੰ ਇਸ ਗੱਲ ਦਾ ਜਵਾਬ ਆਪਣੇ ਆਪ ਮਿਲ ਜਾਵੇਗਾ ਕਿ ਬੀਤੇ ਸਮੇਂ ਵਿੱਚ ਉਹਨਾਂ ਵੱਲੋਂ ਕਿਸ ਤਰਾਂ ਦੇ ਕੰਮ ਕੀਤੇ ਗਏ ਹਨ। ਡਾਕਟਰ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਚੋਣਾਂ ਲਈ ਤਿਆਰ ਬਰ ਤਿਆਰ ਹੈ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਲੋਕਾਂ ਦੇ ਨਾਲ ਖੜਾ ਹੈ ਤੇ ਕੋਰ ਕਮੇਟੀ ਦੀ ਪਾਰਟੀ ਦੀ ਮੀਟਿੰਗ ਵਿੱਚ ਇਹਨਾਂ ਚੋਣਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸੂਬਾ ਸਰਕਾਰ ਉੱਤੇ ਤਿੱਖਾ ਹਮਲਾ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਨਿਰਪੱਖ ਢੰਗ ਨਾਲ ਹੁੰਦੀਆਂ ਹਨ ਤਾਂ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਇਹ ਪਤਾ ਚੱਲ ਜਾਏਗਾ ਕਿ ਕਰੋੜਾਂ ਰੁਪਏ ਦੇ ਇਸ਼ਤਿਹਾਰ ਖਰਚ ਕੇ ਸਰਕਾਰ ਨਹੀਂ ਚਲਦੀ ਕਿਉਂਕਿ ਸਰਕਾਰ ਵੱਲੋਂ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਬੇਹਿਸਾਬੇ ਇਸ਼ੂ ਹਨ, ਹੜ੍ਹਾਂ ਦੇ ਸਮੇਂ ਵਿੱਚ ਸਰਕਾਰ ਵੱਲੋਂ ਲੋਕਾਂ ਦੀ ਸਾਰ ਨਹੀਂ ਲਈ ਗਈ, ਬੀਬੀਆਂ ਨੂੰ ਅਜੇ ਤੱਕ ਵਾਅਦਾ ਕੀਤਾ ਸੀ ਉਹ ਪੈਸੇ ਨਹੀਂ ਮਿਲੇ, ਰੋਜ਼ਗਾਰ ਦੀ ਸਮੱਸਿਆ ਸੂਬਿਆਂ ਦੇ ਅੰਦਰ ਉਸੇ ਤਰ੍ਹਾਂ ਬਰਕਰਾਰ ਹੈ। ਡਾਕਟਰ ਚੀਮਾ ਨੇ ਕਿਹਾ ਪ੍ਰੰਤੂ ਸਭ ਤੋਂ ਵੱਡੀ ਗੱਲ ਹੈ ਕਿ ਸੂਬੇ ਅੰਦਰ ਚੋਣਾਂ ਨਿਰਪੱਖ ਹੋਣ ਜੇਕਰ ਚੋਣਾਂ ਦੌਰਾਨ ਲੋਕਾਂ ਅੰਦਰ ਡਰ ਅਤੇ ਭੈਅ ਹੋਇਆ ਫੇਰ ਉਸਦੇ ਨਤੀਜੇ ਸਭ ਨੂੰ ਪਹਿਲਾਂ ਹੀ ਪਤਾ ਹੁੰਦੇ ਹਨ ਕਿ ਕਿਹੋ ਜਿਹਨੇ ਹੋਣਗੇ।
ਇਹ ਵੀ ਪੜ੍ਹੋ: Punjab News: ਹੁਣ ਪੰਜਾਬ ‘ਚ ਚੱਲ ਰਹੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਏਜੰਸੀਆਂ 'ਤੇ ਨਕੇਲ ਕਸੇਗੀ ਸਰਕਾਰ
ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਹੋਰ ਕਮੇਟੀ ਦੀ ਮੀਟਿੰਗ ਦੇ ਅਜੰਡੇ ਬਾਰੇ ਗੱਲ ਕਰਦਿਆਂ ਕਿਹਾ ਜਿੱਥੇ ਆਉਣ ਵਾਲੀਆਂ ਚੋਣਾਂ ਦੇ ਬਾਰੇ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਥੇ ਹੀ ਜਿਸ ਤਰਾਂ ਸੂਬਾ ਸਰਕਾਰ, ਮਹਾਰਾਸ਼ਟਰ ਦੀ ਸਰਕਾਰ ਵੱਲੋਂ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦਾ ਚੇਅਰਮੈਨ ਇੱਕ ਗੈਰ ਸਿੱਖ ਨੂੰ ਲਗਾਇਆ ਜਾਣਾ ਸਿੱਧੇ ਤੌਰ ਤੇ ਸਿੱਖਾਂ ਦੇ ਮਾਮਲੇ ਵਿਚ ਦਖਲ ਅੰਦਾਜੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਮੌਜੂਦਾ ਰਾਜਨੀਤੀ ਸਥਿਤੀ ਅਤੇ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਵੀ ਵਿਚਾਰ ਵਟਾਂਦਰੇ ਕੌਰ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਜਾਣਗੇ।
ਡਾਕਟਰ ਚੀਮਾ ਨੇ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਜਿਵੇਂ ਕਿ ਜੰਮੂ ਕਸ਼ਮੀਰ, ਮਹਾਰਾਸ਼ਟਰਾ, ਹਰਿਆਣਾ, ਮਨੀਪੁਰ ਆਦਿ ਵਿੱਚ ਘੱਟ ਗਿਣਤੀਆਂ ਦੇ ਨਾਲ ਹੋਣ ਵਾਲੀਆਂ ਵਧੀਕੀਆਂ ਬਾਰੇ ਇਕਬਾਲ ਸਿੰਘ ਲਾਲਪੁਰਾ ਚੁੱਪੀ ਧਾਰੀ ਬੈਠੇ ਹਨ ਕਿਉਂਕਿ ਉਹਨਾਂ ਨੇ ਬਤੌਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆਪਣੀ ਕੁਰਸੀ ਵੀ ਬਚਾ ਕੇ ਰੱਖਣੀ ਹੈ, ਪਰੰਤੂ ਉਹ ਸਰਕਾਰ ਦੇ ਕਹਿਣ ਤੇ ਸਿੱਖਾਂ ਦੇ ਮਸਲਿਆਂ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰ ਰਹੇ ਹਨ। ਡਾਕਟਰ ਚੀਮਾ ਨੇ ਕਿਹਾ ਕਿ ਅਜਿਹੇ ਕਮੀਸ਼ਨਾਂ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਅਜਿਹੇ ਕਮਿਸ਼ਨ ਦੇਸ਼ ਅੰਦਰ ਨੁਕਸਾਨ ਕਰ ਰਹੇ ਹਨ ਤੇ ਇਹਨਾਂ ਨੂੰ ਜਲਦ ਤੋਂ ਜਲਦ ਖ਼ਤਮ ਕਰਨਾ ਚਾਹੀਦਾ ਹੈ।
ਕੇਂਦਰੀ ਪੱਧਰ ਤੇ ਬਣੇ ਇੰਡੀਆ ਨਾਮ ਦੇ ਫਰੰਟ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਵੱਖ-ਵੱਖ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ ਹਨ ਪਰੰਤੂ ਓਹਨਾਂ ਦਾ ਸਮਝੌਤਾ ਸਿਧਾਂਤਿਕ ਸਮਝੌਤਾ ਨਹੀਂ ਹੈ ਤੇ ਜਿਹੜੇ ਸਮਝੌਤੇ ਸਿਧਾਂਤਕ ਤੌਰ ਤੇ ਨਹੀਂ ਹੁੰਦੇ ਹਨ ਉਹ ਜ਼ਿਆਦਾ ਦੇਰ ਨਹੀਂ ਚਲਦੇ ਹਨ। ਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਤੇ ਵਿਰੋਧੀ ਧਿਰ ਦੀ ਭੂਮਿਕਾ ਕਾਂਗਰਸ ਪਾਰਟੀ ਨੂੰ ਮਿਲੀ ਹੈ ਪ੍ਰੰਤੂ ਇੰਡੀਆ ਨਾਮ ਦੇ ਫਰੰਟ ਬਣਨ ਨਾਲ ਇਹ ਚੀਜ਼ ਸਾਫ ਹੈ ਕਿ ਦੋਵੇਂ ਪਾਰਟੀਆਂ ਇਕੱਠੀਆਂ ਹਨ।
ਇਹ ਵੀ ਪੜ੍ਹੋ: Punjab News: ਲੋਕਾਂ ਨੇ ਮਸ਼ਹੂਰ ਸਿੰਗਰ ਭਰਾਵਾਂ ਦੀ ਜੋੜੀ ਨੂੰ ਥਾਣੇ 'ਚ ਘੇਰਿਆ, ਜਾਣੋ ਕਿਉਂ