Raja Warring: ਜ਼ਿਮਨੀ ਚੋਣਾਂ ਮਗਰੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਚਾਲੇ ਸ਼ਬਦੀ ਜੰਗ ਦਾ ਦੌਰ ਚੱਲ ਪਿਆ ਹੈ।
Trending Photos
Raja Warring: ਪੰਜਾਬ ਵਿੱਚ ਜ਼ਿਮਨੀ ਚੋਣਾਂ ਵਿੱਚ ਹਾਰ ਮਗਰੋਂ ਸਿਆਸੀ ਪਾਰਟੀਆਂ ਵਿੱਚ ਸਿਆਸੀ ਜੰਗ ਚੱਲ ਰਹੀ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵਿਚਾਲੇ ਸ਼ਬਦੀ ਜੰਗ ਦਾ ਦੌਰ ਚੱਲ ਪਿਆ ਹੈ। ਇਹ ਇੱਕ ਦੂਜੇ ਉਪਰ ਆਮ ਆਦਮੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਲਗਾ ਰਹੇ ਹਨ।
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ। ਇਸ ਤੋਂ ਬਾਅਦ ਸੰਸਦ ਮੈਂਬਰ ਰਾਜਾ ਵੜਿੰਗ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਵਿਅੰਗ ਕੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗੀ ਤੌਰ 'ਤੇ ਮੰਦਬੁੱਧੀ ਬੱਚਾ ਹੈ।
ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਸ ਨੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਜਾਂ ਸਿਰਫ 12 ਹਜ਼ਾਰ ਵੋਟਾਂ ਪਾ ਕੇ ਭਾਜਪਾ ਨੂੰ ਹਰਾ ਕੇ। ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਕਿਸਾਨਾਂ ਖਿਲਾਫ ਬਿਆਨ ਦਿੱਤੇ। ਬਿੱਟੂ ਨੂੰ ਆਏ 12 ਦਿਨ ਹੋ ਗਏ ਹਨ ਅਤੇ ਮਨਪ੍ਰੀਤ ਬਾਦਲ ਨੂੰ ਸਿਰਫ਼ 12 ਹਜ਼ਾਰ ਵੋਟਾਂ ਹੀ ਮਿਲੀਆਂ ਹਨ। ਇਹ 12 ਹਜ਼ਾਰ ਵੋਟਾਂ ਬਿੱਟੂ, ਮਨਪ੍ਰੀਤ ਬਾਦਲ ਜਾਂ ਭਾਜਪਾ ਨੂੰ ਗਈਆਂ ਹਨ।
ਬਿੱਟੂ ਵਿਚਾਰੇ ਜੋ ਵੀ ਬੋਲਦੇ ਹਨ ਉਨ੍ਹਾਂ ਨੂੰ ਹਰ ਚੀਜ਼ ਦੀ ਮੁਆਫੀ ਹੈ। ਬਿੱਟੂ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦਾ ਹੈ। ਬਿੱਟੂ ਨੇ 'ਆਪ' ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ। ਇਹ ਸੱਚ ਹੈ ਕਿ ਬਿੱਟੂ ਦੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਸਾਂਝੀ ਹੈ। ਬਿੱਟੂ ਨੂੰ ਮਨਪ੍ਰੀਤ ਬਾਦਲ ਕੋਲ ਆ ਕੇ ਹਾਰ ਦੀ ਚਰਚਾ ਕਰਨੀ ਚਾਹੀਦੀ ਸੀ।
ਬਿੱਟੂ ਨੇ ਮਨਪ੍ਰੀਤ ਬਾਦਲ ਨੂੰ ਹਰਾਇਆ
ਵੜਿੰਗ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਿੱਟੂ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਹੀ ਆਇਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਪਹਿਲਾਂ ਵੀ ਮਨਪ੍ਰੀਤ ਬਾਦਲ ਨੂੰ ਮਾੜਾ ਬੋਲਦਾ ਸੀ। ਉਲਟਾ ਸਿੱਧਾ ਬਿਆਨ ਦੇ ਕੇ ਮਨਪ੍ਰੀਤ ਬਾਦਲ ਦਾ ਬਿੱਟੂ ਦਾ ਗ੍ਰਾਫ ਪਹਿਲਾਂ ਨਾਲੋਂ ਵੀ ਨੀਵਾਂ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਮੇਰੇ ਤੋਂ ਬਾਬਾ ਜੀ ਅਤੇ ਗਿੱਦੜਬਾਹਾ ਦੇ ਲੋਕ ਹੀ ਬਦਲਾ ਲੈ ਸਕਦੇ ਹਨ। ਬਿੱਟੂ ਕਦੇ ਕੋਈ ਬਦਲਾ ਨਹੀਂ ਲੈ ਸਕਦਾ। ਬਿੱਟੂ ਮੰਦਬੁੱਧੀ ਬੱਚਾ ਹੈ। ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਬਿਆਨ ਦੇ ਸਕਦਾ ਹੈ। ਉਸ ਦੀਆਂ ਗੱਲਾਂ 'ਤੇ ਕੋਈ ਗੁੱਸਾ ਨਹੀਂ ਕਰਦਾ।
ਬਿੱਟੂ ਨੇ ਇਕ ਦਿਨ ਪਹਿਲਾਂ ਹੀ ਅੰਮ੍ਰਿਤਾ ਦੀ ਹਾਰ 'ਤੇ ਵਰ੍ਹਿਆ ਸੀ
ਦੱਸ ਦੇਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਵਿੱਚ ਕਿਹਾ ਸੀ ਕਿ ਕਾਂਗਰਸ ਦੀ ਹਾਰ ਤੋਂ ਬਾਅਦ ਹੁਣ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਉਂਕਿ ਰੰਧਾਵਾ ਅਤੇ ਵੜਿੰਗ ਆਪਣਾ ਗੜ੍ਹ ਬਚਾਉਣ ਵਿੱਚ ਨਾਕਾਮ ਸਾਬਤ ਹੋਏ ਹਨ। ਮੈਂ ਜਿਸ ਕੰਮ ਲਈ ਆਇਆ ਸੀ, ਉਹ ਪੂਰਾ ਹੋ ਗਿਆ। ਮੈਂ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਗਿੱਦੜਬਾਹਾ ਗਿਆ। ਕਾਂਗਰਸ ਦੀ ਇਸ ਹਾਰ ਵਿੱਚ ਚੰਨੀ ਤੇ ਬਾਜਵਾ ਦੀ ਵੀ ਅਹਿਮ ਭੂਮਿਕਾ ਹੈ।