ਹਰਿਆਣਾ ਸਰਕਾਰ ਇਕ ਵਾਰ ਫਿਰ ਤੋਂ ਰਾਮ ਰਹੀਮ 'ਤੇ ਮਿਹਰਬਾਨ ਹੋ ਗਈ ਹੈ। ਉਸਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ।ਇਸ ਵਾਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਦੀਵਾਲੀ ਮਨਾਏਗਾ।
Trending Photos
ਚੰਡੀਗੜ: ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿਚ ਬਲਾਤਕਾਰ ਦੀ ਸਜ਼ਾ ਭੁਗਤ ਰਿਹਾ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਤੋਂ ਆਜ਼ਾਦ ਫ਼ਿਜ਼ਾਵਾਂ ਵਿਚ ਸਾਹ ਲਵੇਗਾ ਕਿਉਂਕਿ ਹਰਿਆਣਾ ਦੀ ਆਦਮਪੁਰ ਸੀਟ 'ਤੇ ਜ਼ਿਮਨੀ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ। ਹੁਣ ਰਾਮ ਰਹੀਮ ਜੇਲ੍ਹ ਤੋਂ ਕਿਸੇ ਵੀ ਵੇਲੇ ਬਾਹਰ ਆ ਸਕਦਾ ਹੈ। ਚਰਚਾਵਾਂ ਚੱਲ ਰਹੀਆਂ ਕਿ ਹਨ ਕਿ ਇਸ ਵਾਰ ਫਿਰ ਉਹ 40 ਦਿਨ ਯੂ.ਪੀ. ਦੇ ਬਾਗਪਤ ਆਸ਼ਰਮ 'ਚ ਕੱਟੇਗਾ। ਜਦਕਿ ਇਹ ਕਿਹਾ ਜਾ ਰਿਹਾ ਹੈ ਕਿ ਉਹ ਰਾਜਸਥਾਨ ਵਾਲੇ ਆਸ਼ਰਮ 'ਚ ਵੀ ਜਾ ਸਕਦਾ ਹੈ।
ਇਸ ਸਾਲ ਦੇ ਵਿਚ ਰਾਮ ਰਹੀਮ ਨੂੰ ਤੀਜੀ ਵਾਰ ਪੈਰੋਲ ਮਿਲੀ ਹੈ। ਪਹਿਲਾਂ ਫਰਵਰੀ, ਫਿਰ ਜੂਨ ਅਤੇ ਹੁਣ ਅਕਤੂਬਰ ਦੇ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ।ਹੁਣ ਤੱਕ ਦੀ ਜੇਲ੍ਹ ਕਰੀਏ ਤਾਂ ਰਾਮ ਰਹੀਮ 51 ਦਿਨ ਜੇਲ੍ਹ ਤੋਂ ਬਾਹਰ ਰਹਿ ਚੁੱਕਾ ਹੈ। ਪਿਛਲੀ ਪੈਰੋਲ ਦੌਰਾਨ ਉਸਨੇ ਆਪਣੇ ਪ੍ਰੇਮੀਆਂ ਦੇ ਨਾਂ ਸੰਦੇਸ਼ ਵੀ ਦਿੱਤੇ ਸਨ ਅਤੇ ਕਈ ਵੀਡੀਓਸ ਵੀ ਜਾਰੀ ਕੀਤੀਆਂ।
ਚੋਣਾਂ ਤੋਂ ਪਹਿਲਾਂ ਰਾਮ ਰਹੀਮ 'ਤੇ ਸਵੱਲ੍ਹੀ ਨਿਗ੍ਹਾ
ਦੱਸ ਦਈਏ ਕਿ ਡੇਰੇ ਦਾ ਇਕ ਸਿਆਸੀ ਵਿੰਗ ਵੀ ਹੈ ਜੋ ਕਿ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਸਰਗਰਮ ਹੋ ਜਾਂਦਾ ਹੈ। ਜਿਸਤੋਂ ਬਾਅਦ ਸਰਕਾਰ ਰਾਮ ਰਹੀਮ ਪ੍ਰਤੀ ਨਰਮ ਰਵੱਈਆ ਅਪਣਾਉਂਦੀ ਹੈ ਅਤੇ ਉਸਨੂੰ ਜੇਲ੍ਹ ਤੋਂ ਬਾਹਰ ਕੱਢਦੀ ਹੈ। ਇਸ ਵਾਰ ਪੈਰੋਲ ਮਿਲਣ ਦਾ ਇਕ ਕਾਰਨ ਇਹ ਵੀ ਹੈ ਕਿ ਜਿਸ ਆਦਮਪੁਰ ਸੀਟ 'ਤੇ ਉਪ ਚੋਣ ਹੋਣ ਜਾ ਰਹੀ ਹੈ ਉਥੇ ਵੱਡੀ ਗਿਣਤੀ ਵਿਚ ਡੇਰੇ ਦੇ ਸ਼ਰਧਾਲੂ ਰਹਿੰਦੇ ਹਨ ਅਤੇ ਆਦਮਪੁਰ ਸਿਰਸਾ ਦੇ ਬਿਲਕੁਲ ਨਜ਼ਦੀਕ ਹੈ। ਨਾਲ ਹੀ ਪੰਚਾਇਤ ਚੋਣਾਂ ਦੌਰਾਨ ਵੀ ਡੇਰੇ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ।ਡੇਰੇ ਦਾ ਰਾਜਨੀਤਿਕ ਵਿੰਗ ਇਹਨਾਂ ਚੋਣਾਂ ਲਈ ਅਹਿਮ ਕੜੀ ਹੋਵੇਗਾ।
ਅਗਸਤ 2017 ਤੋਂ ਜੇਲ੍ਹ ਵਿਚ ਬੰਦ ਹੈ ਰਾਮ ਰਹੀਮ
ਡੇਰੇ ਦੀ ਸਾਧਵੀ ਨਾਲ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਰਾਮ ਰਹੀਮ ਨੂੰ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਜਿਸਤੋਂ ਬਾਅਦ ਪੱਤਰਕਾਰ ਛਤਰਪਤੀ ਅਤੇ ਰਣਜੀਤ ਦੇ ਕਤਲ ਦੇ ਮੁਕੱਦਮੇ ਵਿਚ ਵੀ ਉਸ ਨੂੰ ਦੋਸ਼ੀ ਪਾਇਆ ਗਿਆ ਸੀ। ਇਹ ਵੀ ਦੱਸ ਦਈਏ ਰਾਮ ਰਹੀਮ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਦੂਰੀ ਬਣਾ ਕੇ ਵਿਦੇਸ਼ ਚਲਾ ਗਿਆ ਹੈ। ਰਾਮ ਰਹੀਮ ਦੀਆਂ ਦੋ ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਜਾ ਚੁੱਕੀਆਂ।
WATCH LIVE TV