Samrala News: ਪੰਜਾਬ ਦੇ ਪੁਲਿਸ ਏਐਸਆਈ ਦੀ ਧੀ ਦੀ ਕੈਨੇਡਾ ਸੂਬਾਈ ਪੁਲਿਸ ਵਿੱਚ ਨਿਯੁਕਤੀ ਹੋਣ ਮਗਰੋਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Trending Photos
Samrala News (ਵਰੁਣ ਕੌਸ਼ਲ): ਪੰਜਾਬ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਰਿਵਾਰਾਂ ਵਿਚੋਂ ਪਹਿਲੀ ਲੜਕੀ ਸੰਦੀਪ ਕੌਰ ਦੀ ਕੈਨੇਡਾ ਦੀ ਸੂਬਾਈ ਪੁਲਿਸ ਵਿੱਚ ਨਿਯੁਕਤੀ ਹੋਣ ਉਤੇ ਉਸ ਦੇ ਪਿਤਾ ਏਐਸਆਈ ਦੇਵਿੰਦਰ ਸਿੰਘ ਗਰਚਾ ਦਾ ਅੱਜ ਸਥਾਨਕ ਥਾਣੇ ਵਿੱਚ ਉਪ-ਪੁਲਿਸ ਕਪਤਾਨ ਅਤੇ ਥਾਣਾ ਮੁਖੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।
ਇਸ ਮੌਕੇ ਸਥਾਨਕ ਉਪ-ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਕਿਹਾ ਕਿ ਪੁਲਿਸ ਪਰਿਵਾਰਾਂ ਦੇ ਲੜਕੇ ਤਾਂ ਪਹਿਲਾਂ ਵੀ ਕੈਨੇਡਾ ਦੀ ਪੁਲਿਸ ਵਿੱਚ ਚੁਣੇ ਗਏ ਹਨ ਪਰ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਪਹਿਲੀ ਲੜਕੀ ਓਨਟਾਰੀਓਂ ਸੂਬਾਈ ਪੁਲਿਸ ਵਿੱਚ ਨਿਯੁਕਤ ਹੋਈ ਹੈ ਜੋ ਕਿ ਉਨ੍ਹਾਂ ਲਈ ਫ਼ਕਰ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਸੰਦੀਪ ਕੌਰ ਨੇ ਇਸ ਨਿਯੁਕਤੀ ਵਿੱਚ ਸਾਰੇ ਉਮੀਦਵਾਰਾਂ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ।
ਸੰਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਦੇਵਿੰਦਰ ਸਿੰਘ ਗਰਚਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ 2017 ਵਿੱਚ ਕੈਨੇਡਾ ਪੜ੍ਹਨ ਲਈ ਗਈ ਸੀ ਤੇ ਹੁਣ ਪੁਲਿਸ ਵਿੱਚ ਭਰਤੀ ਹੋ ਕਿ ਟਰੇਨਿੰਗ ਉਪਰੰਤ ਨਿਯੁਕਤੀ ਪੱਤਰ ਲੈਣ ਲਈ ਹੋਈ ਪਾਸਿੰਗ ਪਰੇਡ ਲਈ ਉਨ੍ਹਾਂ ਨੂੰ ਉਥੋਂ ਵਿਸ਼ੇਸ਼ ਪ੍ਰਵਾਨਗੀ ਲੈ ਕਿ ਸੱਦਿਆ ਗਿਆ ਸੀ। ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਗਰਚਾ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਵਰਦੀ ਤੇ ਉਨਾਂ ਦੀ ਬੇਟੀ ਨੇ ਕੈਨੇਡਾ ਸੂਬਾਈ ਪੁਲਿਸ ਦੀ ਵਰਦੀ ਵਿੱਚ ਇਕੱਠਿਆਂ ਪਰੇਡ ਕੀਤੀ ਤਾਂ ਉਨ੍ਹਾਂ ਨੂੰ ਜੋ ਮਾਣ ਮਹਿਸੂਸ ਹੋਇਆ। ਉਨ੍ਹਾਂ ਪਲਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : Amritsar News: ਔਜਲਾ ਨੇ ਗੁਹਾਟੀ ਲਈ ਉਡਾਣ ਸ਼ੁਰੂ ਕਰਨ ਲਈ ਏਵਿਏਸ਼ਨ ਮੰਤਰੀ ਨਾਲ ਮੁਲਾਕਾਤ ਕੀਤੀ
ਉਨ੍ਹਾਂ ਨੇ ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਨਸੀਹਤ ਦਿੱਤੀ ਕਿ ਬੇਟੀਆਂ ਨੂੰ ਵੀ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਅਤੇ ਉਹ ਵੀ ਮਾਂ ਬਾਪ ਦਾ ਪੁੱਤਰਾਂ ਦੀ ਤਰ੍ਹਾਂ ਹੀ ਨਾਮ ਰੋਸ਼ਨ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਥਾਣਾ ਮੁਖੀ ਰਾਉ ਬਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Jalandhar News: ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ; ਸੀਐਮ ਮਾਨ ਨੇ ਕਰਵਾਇਆ ਸ਼ਾਮਲ