Trending Photos
PGI News (ਪਵਿੱਤ ਕੌਰ): ਪੀਜੀਆਈ ਚੰਡੀਗੜ੍ਹ ਵਿੱਚ ਭਾਰਤ ਦਾ ਪਹਿਲਾ ਮੈਡੀਕਲ ਅਜਾਇਬ ਘਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਅਜਾਇਬ ਘਰ ਪੀਜੀਆਈ ਦੇ ਸ਼ਾਨਦਾਰ ਇਤਿਹਾਸ ਅਤੇ ਮੈਡੀਕਲ ਯੋਗਦਾਨ ਨੂੰ ਸਮਰਪਿਤ ਹੋਵੇਗਾ। ਪ੍ਰਬੰਧਕਾਂ ਨੇ ਅਜਾਇਬ ਦੇ ਨਿਰਮਾਣ ਦੇ ਐਲਾਨ ਮੌਕੇ ਖੁਦ ਨੂੰ ਗੌਰਵਮਈ ਮਹਿਸੂਸ ਕੀਤਾ।
ਪੀਜੀਆਈਐਮਈਆਰ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਪ੍ਰੋਜੈਕਟ ਨੂੰ ਲੈ ਕੇ ਕਿਹਾ ਕਿ ਇਸ ਅਜਾਇਬ ਘਰ ਦੀ ਸਿਰਜਣਾ ਸਿਰਫ਼ ਸਾਡੀ ਅਮੀਰ ਸਿਹਤ ਵਿਰਾਸਤ ਦੀ ਸੰਭਾਲ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸ੍ਰੋਤ ਵੀ ਹੋਵੇਗੀ। ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੀਜੀਆਈਐਮਈਆਰ ਪੰਕਜ ਰਾਏ ਨੇ ਕਿਹਾ ਕਿ "ਇਹ ਅਜਾਇਬ ਘਰ ਭਾਰਤ ਵਿੱਚ ਮੈਡੀਕਲ ਸੰਸਥਾਵਾਂ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ।
ਸਾਬਕਾ ਵਿਦਿਆਰਥੀਆਂ, ਮੌਜੂਦਾ ਵਿਦਿਆਰਥੀਆਂ ਅਤੇ ਮਹਿਮਾਨਾਂ ਲਈ PGIMER ਦੀ ਵਿਰਾਸਤ ਤੇ ਪ੍ਰਾਪਤੀਆਂ ਦੀ ਸੰਭਾਲ ਤੇ ਉਜਾਗਰ ਕਰਨ ਦਾ ਮੌਕਾ ਹੈ।" PGIMER ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਇਸਦਾ ਮਕਸਦ ਬਿਹਤਰ ਤੋਂ ਬਿਹਤਰ ਢੰਗ ਨਾਲ ਮਰੀਜ਼ਾਂ ਦੀ ਦੇਖਭਾਲ ਕਰਨਾ, ਪੋਸਟ-ਗ੍ਰੈਜੂਏਟ ਮੈਡੀਕਲ ਸਿੱਖਿਆ ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨਾ, ਉੱਚ ਯੋਗਤਾ ਪ੍ਰਾਪਤ ਮੈਡੀਕਲ ਸਿੱਖਿਅਕਾਂ ਦੀ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੈ।
ਕਾਬਿਲੇਗੌਰ ਹੈ ਕਿ PGIMER ਨੇ ਹਾਲ ਹੀ ਵਿੱਚ ਆਪਣਾ 61ਵਾਂ ਸਥਾਪਨਾ ਦਿਵਸ ਮਨਾਇਆ। ਇਸ ਵਿੱਚ ਇਤਿਹਾਸਕ ਮੈਡੀਕਲ ਸਾਜ਼ੋ-ਸਾਮਾਨ, ਪ੍ਰਸਿੱਧ ਹਸਤੀਆਂ ਦੁਆਰਾ ਹਸਤਾਖਰ ਕੀਤੀਆਂ ਵਿਜ਼ਟਰ ਬੁੱਕਾਂ, ਪੁਰਾਣੀਆਂ ਤਸਵੀਰਾਂ, ਅਤੇ ਛੇ ਦਹਾਕਿਆਂ ਵਿੱਚ ਇਸਦੀ ਮਾਣਮੱਤੇ ਫੈਕਲਟੀ ਦੁਆਰਾ ਪ੍ਰਾਪਤ ਕੀਤੇ ਗਏ ਵੱਕਾਰੀ ਪੁਰਸਕਾਰਾਂ ਦਾ ਸੰਗ੍ਰਹਿ ਹੈ।
ਇਹ ਵੀ ਪੜ੍ਹੋ : Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ 'ਤੇ ਬੈਠੇ
ਇਹ ਪ੍ਰਾਪਤੀਆਂ ਅਜਾਇਬ ਘਰ ਦਾ ਮੁੱਖ ਹਿੱਸਾ ਬਣਨਗੀਆਂ, ਜੋ ਮੈਡੀਕਲ ਸੰਸਥਾ ਦੇ ਲੰਮੇ ਸਿਹਤ ਸੰਭਾਲ ਦੇ ਸਫਰ ਨੂੰ ਬਿਆਨ ਕਰਨਗੀਆਂ। ਅਜਾਇਬ ਘਰ ਦੇ ਨਾਲ, PGIMER ਸੰਸਥਾ ਦੇ ਮੀਲਪੱਥਰ ਤੇ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਸਮੇਂ-ਸਮੇਂ 'ਤੇ ਪ੍ਰਕਾਸ਼ਿਤ ਹੋਣ ਵਾਲੀ ਇੱਕ ਕੌਫੀ ਟੇਬਲ ਬੁੱਕ ਵੀ ਪੇਸ਼ ਕੀਤੀ ਜਾਵੇਗੀ। ਇਹ ਬੁੱਕ ਚਾਹਵਾਨ ਡਾਕਟਰੀ ਪੇਸ਼ੇਵਰਾਂ ਲਈ ਜਾਣਕਾਰੀ ਤੇ ਪ੍ਰੇਰਨਾ ਦੇ ਇੱਕ ਕੀਮਤੀ ਸ੍ਰੋਤ ਵਜੋਂ ਕੰਮ ਕਰੇਗਾ।