Anandpur Sahib News: ਜਿਸ ਨਾਲ ਠੱਗੀ ਵੱਜੀ ਇਹਨਾਂ ਵਿੱਚੋਂ ਇੱਕ ਵਿਅਕਤੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਵੀ ਹੈ। ਜਿਸ ਨੇ ਆਪਣਾ ਸਾਰਾ ਕੁੱਝ ਵੇਚ ਕੇ 31 ਲੱਖ ਰੁਪਏ ਅਤੇ ਆਪਣੇ ਪੂਰੇ ਪਰਿਵਾਰ ਦੇ ਪਾਸਪੋਰਟ ਉਸ ਠੱਗ ਨੂੰ ਦੇ ਦਿੱਤੇ।
Trending Photos
Anandpur Sahib News(ਬਿਮਲ ਕੁਮਾਰ): ਨੌਸਰਬਾਜ਼ਾਂ ਦੁਆਰਾ ਰੋਜ਼ਾਨਾ ਕਈ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿਛਲੇ ਲਗਭਗ 8 ਮਹੀਨੇ ਤੋਂ ਕਿਰਾਏ ਦੇ ਮਕਾਨ ਵਿੱਚ ਨਿਹੰਗ ਬਾਣੇ 'ਚ ਰਹਿ ਰਹੇ ਇੱਕ ਨੌਸਰਬਾਜ਼ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਅਨੰਦਪੁਰ ਸਾਹਿਬ 'ਚ ਕਰੀਬ 50 ਲੱਖ ਦੀ ਠੱਗੀ ਮਾਰੀ ਅਤੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਨਿਹੰਗ ਦੇ ਬਾਣੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਰਹਿੰਦੇ ਹਰਸਿਮਰਨਜੀਤ ਸਿੰਘ, ਮਹਾਂਵੀਰ ਸਿੰਘ ਤੇ ਅੰਮ੍ਰਿਤਪਾਲ ਕੌਰ ਵੱਲੋਂ ਜਿੱਥੇ ਨਾਮੀ ਸਤਪਾਲ ਜਵੈਲਰ ਦੇ ਮਾਲਕ ਨਾਲ ਤਕਰੀਬਨ 4.5 ਲੱਖ ਦੀ ਠੱਗੀ ਮਾਰੀ ਹੈ। ਉੱਥੇ ਹੀ ਸ਼ਹਿਰ ਦੇ ਇੱਕ ਹੋਰ ਜਵੈਲਰ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਬੇਸ਼ੱਕ ਇਸ ਮਾਮਲੇ ਸੰਬੰਧੀ ਸ਼ਿਕਾਇਤ ਸਤਪਾਲ ਜਵੈਲਰ ਦੇ ਮਾਲਕ ਵੱਲੋਂ ਸਥਾਨਕ ਪੁਲਿਸ ਨੂੰ ਦਿੱਤੀ ਹੈ। ਪ੍ਰੰਤੂ ਠੱਗੀ ਦਾ ਸ਼ਿਕਾਰ ਹੋਏ ਬਹੁਤੇ ਲੋਕਾਂ ਨੇ ਅਜੇ ਵੀ ਡਰ ਤੇ ਸ਼ਰਮ ਦੇ ਮਾਰੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ।
ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ 17 ਤਰੀਕ ਨੂੰ ਉਕਤ ਨੌਸਰਬਾਜ਼ ਦੀ ਪਤਨੀ ਉਨ੍ਹਾਂ ਦੀ ਦੁਕਾਨ ਤੇ ਗਹਿਣੇ ਖ਼ਰੀਦਣ ਆਈ ਅਤੇ ਕੇਵਲ 20 ਹਜ਼ਾਰ ਰੁਪਏ ਦੇ ਕੇ 4.5 ਲੱਖ ਦੇ ਗਹਿਣੇ ਖ਼ਰੀਦ ਕੇ ਬਾਕੀ ਬਚਦੇ ਪੈਸੇ ਅਗਲੇ ਦਿਨ ਦੇਣ ਲਈ ਆਖ ਗਈ। ਉਨ੍ਹਾਂ ਕਿਹਾ ਕਿ ਜਦੋਂ ਉਕਤ ਔਰਤ ਅਗਲੇ ਦਿਨ ਵੀ ਪੈਸੇ ਦੇਣ ਲਈ ਵਾਪਸ ਨਹੀਂ ਪਰਤੀ ਫੇਰ ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਹ ਉਕਤ ਨੌਸਰਬਾਜ਼ ਪਰਿਵਾਰ ਦੇ ਘਰ ਪੁੱਛ ਪੜਤਲ ਕਰਨ ਪੁੱਜੇ ਤਾਂ ਪਤਾ ਚੱਲਿਆ ਕਿ ਇਹ ਪੂਰਾ ਪਰਿਵਾਰ ਉੱਥੋਂ ਰਫ਼ੂ ਚੱਕਰ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਛਾਣਬੀਣ ਤੋਂ ਪਤਾ ਚੱਲਾ ਕਿ ਜਦੋਂ ਇਹ ਪਰਿਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਇਆ ਸੀ। ਉਸ ਸਮੇਂ ਹਰਸਿਮਰਨਜੀਤ ਸਿੰਘ ਅਤੇ ਮਹਾਂਵੀਰ ਸਿੰਘ ਸਿਰ ਤੋਂ ਮੋਨੇ ਸਨ ਪ੍ਰੰਤੂ ਕੁੱਝ ਸਮੇਂ ਬਾਅਦ ਦੋਨਾਂ ਵੱਲੋਂ ਨਾ ਕੇਵਲ ਆਪਣੇ ਕੇਸ ਵਧਾਏ ਗਏ ਸਗੋਂ ਨਿਹੰਗ ਸਿੰਘ ਬਾਣਾ ਵੀ ਧਾਰਨ ਕੀਤਾ ਗਿਆ। ਅਮਰਜੀਤ ਸਿੰਘ ਨੇ ਕਿਹਾ ਕਿ ਹਰ ਰੋਜ਼ ਗੁਰਦੁਆਰਾ ਸਾਹਿਬ ਮਿਲਣ ਕਰ ਕੇ ਅਤੇ ਨਿਹੰਗ ਸਿੰਘ ਬਾਣਾ ਧਾਰਨ ਕੀਤਾ ਹੋਣ ਕਰ ਕੇ ਉਹ ਇਸ ਨੌਸਰਬਾਜ਼ ਪਰਿਵਾਰ ਦੀਆਂ ਗੱਲਾਂ ਵਿਚ ਆ ਗਏ ਤੇ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਇਸ ਤੋਂ ਇਲਾਵਾ ਉਕਤ ਨੌਸਰਬਾਜ਼ ਨੇ ਸ਼ਹਿਰ ਦੇ ਇੱਕ ਨਾਮਵਰ ਰਾਜਨੀਤਿਕ ਆਗੂ ਦੇ ਪੁੱਤਰ ਮੱਖਣ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਤਕਰੀਬਨ 1.30 ਲੱਖ ਰੁਪਏ ਤੇ ਉਸ ਦਾ ਪਾਸਪੋਰਟ ਵੀ ਲੈ ਲਿਆ। ਜਾਣਕਾਰੀ ਮੁਤਾਬਿਕ ਇਸ ਨੌਸਰਬਾਜ਼ ਨੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਤੋਂ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ਤੇ 31 ਲੱਖ ਰੁਪਏ ਤੇ ਸਾਰੇ ਪਰਿਵਾਰ ਦੇ ਪਾਸਪੋਰਟ ਵੀ ਲੈ ਲਏ। ਇਸੇ ਤਰ੍ਹਾਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਇੱਕ ਹੋਰ ਦੁਕਾਨਦਾਰ ਕੋਲੋਂ ਕੈਨੇਡਾ ਭੇਜਣ ਦੇ ਨਾਂਅ 'ਤੇ ਤਕਰੀਬਨ ਸੱਤ ਤੋਂ ਅੱਠ ਲੱਖ ਰੁਪਏ ਤੇ ਪਾਸਪੋਰਟ ਲੈਣ ਤੋਂ ਬਾਅਦ ਇਹ ਨੌਸਰਬਾਜ਼, ਉਸ ਦੀ ਪਤਨੀ, ਬੱਚੇ ਤੇ ਭਰਾ ਸ਼ਹਿਰ ਛੱਡ ਕੇ ਰਫ਼ੂ ਚੱਕਰ ਹੋ ਗਏ।
ਸ਼੍ਰੀ ਅਨੰਦਪੁਰ ਸਾਹਿਬ ਦੇ ਐਸਐਚਓ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਕੇਵਲ ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਜਿਸ ਦੇ ਆਧਾਰ ਤੇ ਕਥਿਤ ਦੋਸ਼ੀ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।