Trending Photos
ਚੰਡੀਗੜ੍ਹ: ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦਾ ਅਸਤੀਫ਼ਾ ਮਾਨ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਨਿੱਜੀ ਚੈਨੱਲ ’ਤੇ ਸਾਂਝੀ ਕੀਤੀ। ਉਨ੍ਹਾਂ ਇੰਟਰਵਿਊ ਦੌਰਾਨ ਦੱਸਿਆ ਕਿ 19 ਜੁਲਾਈ ਨੂੰ ਹੀ ਅਸਤੀਫ਼ਾ ਦੇ ਦਿੱਤਾ ਗਿਆ ਸੀ, ਪਰ ਅਸਤੀਫ਼ਾ ਪ੍ਰਵਾਨ ਅੱਜ ਹੋਇਆ।
CM ਮਾਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਰ ਦਿੱਤੀ ਸੀ AG ਸਿੱਧੂ ਦੀ ਨਿਯੁਕਤੀ
ਜਿਕਰਯੋਗ ਹੈ ਕਿ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ’ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਵਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਅਨਮੋਲ ਰਤਨ ਸਿੱਧੂ ਦੀ ਨਿਯੁਕਤੀ ਕਰ ਦਿੱਤੀ ਗਈ ਸੀ।
ਕੈਪਟਨ ਸਰਕਾਰ ਤੋਂ ਬਾਅਦ ਜਲਦ ਬਦਲੇ ਗਏ ਐਡਵੋਕੇਟ ਜਨਰਲ
ਉਨ੍ਹਾਂ ਤੋਂ ਪਹਿਲਾਂ ਸਾਲ 2017 ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਵੇਲੇ ਸੀਨੀਅਰ ਐਡਵੋਕੇਟ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਲਗਾਇਆ ਗਿਆ ਸੀ। ਉਨ੍ਹਾਂ ਤੋਂ ਬਾਅਦ ਚੰਨੀ ਸਰਕਾਰ ਦੌਰਾਨ ਏ. ਪੀ. ਐੱਸ. ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਇਆ ਗਿਆ। ਪਰ ਨਵਜੋਤ ਸਿੰਘ ਸਿੱਧੂ ਦੇ ਇਤਰਾਜ਼ ਉਠਾਉਣ ਤੋਂ ਬਾਅਦ ਐਡਵੋਕੇਟ ਪਟਵਾਲੀਆ ਨੂੰ ਏ. ਪੀ. ਐੱਸ. ਦਿਓਲ ਦੀ ਥਾਂ ਦਿੱਤੀ ਗਈ।
ਪਰ ਚੰਨੀ ਸਰਕਾਰ ਦੇ ਜਾਣ ਤੋਂ ਬਾਅਦ ਪਟਵਾਲੀਆ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਨ੍ਹਾਂ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਦੀ ਜ਼ਿੰਮੇਵਾਰੀ ਸੌਂਪੀ ਸੀ।
ਸੀਨੀਅਰ ਵਕੀਲ ਵਿਨੋਦ ਘਈ ਹੋ ਸਕਦੇ ਹਨ ਨਵੇਂ ਐਡਵੋਕੇਟ ਜਨਰਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਈਕੋਰਟ ਦੇ ਸੀਨੀਅਰ ਵਕੀਲ ਵਿਨੋਦ ਘਈ ਹੋ ਪੰਜਾਬ ਦੇ ਨਵੇਂ AG ਹੋਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੀਤੇ ਕੱਲ੍ਹ ਤਕਰੀਬਨ ਡੇਢ ਘੰਟਾ ਮੁਲਾਕਾਤ ਹੋਈ। ਉਨ੍ਹਾਂ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਛੋਟੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਈ ਵੱਡੇ ਕੰਮ ਕੀਤੇ।