Mohali News: ਪੂਰੇ ਦੇਸ਼ ਵਿੱਚ ਵਿਸ਼ਵ ਕੱਪ ਦੇ ਉਤਸ਼ਾਹ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ 19 ਨਵੰਬਰ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ
Trending Photos
Mohali News: ਪੂਰੇ ਦੇਸ਼ ਵਿੱਚ ਵਿਸ਼ਵ ਕੱਪ ਦੇ ਉਤਸ਼ਾਹ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ 19 ਨਵੰਬਰ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਦੇਖਿਆ ਗਿਆ ਹੈ ਕਿ ਕਿਸੇ ਵੀ ਵੱਡੇ ਖੇਡ ਸਮਾਗਮ ਤੋਂ ਬਾਅਦ, ਆਮ ਜਨਤਾ ਵੱਲੋਂ ਨਾਅਰੇ ਲਗਾ ਕੇ, ਸੜਕਾਂ ਤੇ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਕੇ, ਪਟਾਕੇ ਚਲਾ ਕੇ, ਪ੍ਰਦੂਸ਼ਣ ਪੈਦਾ ਕਰਦੇ ਹੋਏ, ਸ਼ਹਿਰ ਵਿੱਚ ਆਵਾਜਾਈ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰਦੇ ਹਨ।
ਇਸ ਲਈ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਿਤੀ: 19.11.2023 ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਨ੍ਹਾਂ ਗਤੀਵਿਧੀਆ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣੇ ਜ਼ਰੂਰੀ ਹਨ।
ਡੀਸੀ ਮੋਹਾਲੀ ਆਸ਼ਿਕਾ ਜੈਨ, ਆਈ.ਏ.ਐਸ. ਵੱਲੋਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੀਆਂ ਹੋਏ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਉਣ ਲਈ ਨਿਮਨ ਅਨੁਸਾਰ ਪਾਬੰਦੀ ਲਗਾਈ ਗਈ ਹੈ:
1. ਕਿਸੇ ਵੀ ਜਨਤਕ ਸਥਾਨ ਉਤੇ ਬਿਨਾਂ ਇਜਾਜ਼ਤ ਦੇ ਪੰਜ ਜਾਂ ਵੱਧ ਵਿਅਕਤੀਆਂ ਦਾ ਬੇਲੋੜਾ ਇਕੱਠ ਹੋਣ ਉਤੇ ਪਾਬੰਦੀ
2. ਪਟਾਕੇ ਚਲਾਉਣ ਉਪਰ ਰੋਕ।
3. ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਜਨਤਕ ਸਥਾਨ ਤੇ ਮਿਊਜਿਕ ਸਿਸਟਮ/ਆਵਾਜ਼ ਪੈਦਾ ਕਰਨ ਵਾਲੇ ਸਿਸਟਮਾਂ/ਸਾਊਂਡ ਐਂਪਲੀਫਾਇਰ ਜਿਵੇਂ ਡੀਜੇ/ਕਾਰ ਮਿਊਜਿਕ ਸਿਸਟਮ/ਢੋਲ/ਡਰੱਮ ਬੀਟਸ ਆਦਿ ਦੁਆਰਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣਾ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਅਤੇ ਕੰਟਰੋਲ) ਨਿਯਮ 2000 ਵਾਤਾਵਰਣ ਸੁਰੱਖਿਆ ਐਕਟ ਦੇ ਤਹਿਤ ਮਨਾਹੀ ਹੈ।
4. ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਅਗਾਊਂ ਇਜਾਜਤ ਲਏ ਬਿਨਾਂ ਖੁੱਲੇ ਵਿਚ ਮੈਚ ਦੀ ਜਨਤਕ ਸਕਰੀਨਿੰਗ ਦੀ ਵੀ ਇਜਾਜ਼ਤ ਨਹੀਂ ਹੈ।
5. ਮੈਚ ਤੋਂ ਪਹਿਲਾਂ ਇਸ ਦੌਰਾਨ ਜਾਂ ਬਾਅਦ ਵਿੱਚ ਕਿਸੇ ਵੀ ਰੂਪ ਵਿੱਚ ਜਲੂਸ ਕਢਣ ਉਤੇ ਮਨਾਹੀ।
ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਆਮ ਜਨਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਸਰਕਾਰੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ, ਸਾਰੇ ਲੋੜੀਂਦੇ ਇਹਤਿਆਤੀ ਉਪਾਅ ਕਰਨ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੂੰ ਸਹਿਯੋਗ ਦੇਣ, ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਅਪਰਾਧੀਆਂ ਤੇ ਕਾਨੂੰਨ ਦੇ ਸਬੰਧਤ ਉਪਬੰਧਾਂ ਦੇ ਤਹਿਤ ਸਖਤ ਕਾਰਵਾਈ ਨਾਲ ਮੁਕੱਦਮਾ ਚਲਾਇਆ ਜਾਵੇਗਾ।
ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਇਸ ਹੁਕਮ ਦੀ ਇੰਨ-ਬਿੰਨ ਪਾਲਣਾ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਹੁਕਮ ਦਾ ਪ੍ਰਚਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਲਾਕਿਆਂ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫਸਰ, ਐਸਏਐਸ ਨਗਰ ਦੀ ਪ੍ਰਚਾਰ ਵੈਨ ਤੇ ਸਰਕਾਰੀ ਦਫਤਰਾਂ ਦੇ ਨੋਟਿਸ ਬੋਰਡਾਂ ਤੇ ਇਸ ਹੁਕਮ ਦੀਆਂ ਕਾਪੀਆਂ ਚਸਪਾ ਕਰਕੇ ਰੇਡੀਓ ਟੈਲੀਵਿਜ਼ਨ, ਦੂਰਦਰਸ਼ਨ ਅਤੇ ਪ੍ਰੈਸ ਰਾਹੀਂ ਆਮ ਜਨਤਾ ਤੱਕ ਪਹੁੰਚਾਇਆ ਜਾਵੇ।
ਇਹ ਵੀ ਪੜ੍ਹੋ : World Cup Final 2023: ਵਿਸ਼ਵ ਕੱਪ ਦੇ ਖਿਤਾਬ ਲਈ ਭਾਰਤ ਤੇ ਆਸਟ੍ਰੇਲੀਆ 'ਚ ਟੱਕਰ ਅੱਜ; ਟੀਮ ਇੰਡੀਆ ਬਦਲਾ ਲੈਣ ਦੇ ਇਰਾਦੇ ਨਾਲ ਉਤਰੇਗੀ
ਮੋਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ