ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗਾਂ ਲਾਗੂ ਕਰਵਾਉਣ ਨੂੰ ਲੈ ਕੇ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਦੇਰ ਰਾਤ ਭਾਰੀ ਮੀਂਹ ਪੈਣ ਨਾਲ ਵੀ ਕਿਸਾਨ ਆਪਣੇ ਦ੍ਰਿੜ ਇਰਾਦਿਆਂ 'ਚੇ ਡਟੇ ਹੋਏ ਹਨ।
Trending Photos
ਚੰਡੀਗੜ੍ਹ- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਗਾਂ ਲਾਗੂ ਕਰਵਾਉਣ ਨੂੰ ਲੈ ਕੇ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। 9 ਅਕਤੂਬਰ ਨੂੰ ਲੱਗੇ ਧਰਨੇ ਦਾ ਅੱਜ ਤੀਸਰਾ ਦਿਨ ਹੈ। ਦੇਰ ਰਾਤ ਤੇਜ਼ ਬਾਰਿਸ਼ ਤੇ ਹਨ੍ਹੇਰੀ ਵੀ ਇਨ੍ਹਾਂ ਕਿਸਾਨਾਂ ਦੇ ਦ੍ਰਿੜ ਇਰਾਦਿਆਂ ਨੂੰ ਹਿਲਾ ਨਾ ਸਕੀ। ਕਿਸਾਨਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਕੇ ਹੀ ਉਹ ਵਾਪਸ ਮੁੜਨਗੇ।
ਤੇਜ਼ ਬਾਰਿਸ਼ ਵਿੱਚ ਬੈਠੇ ਕਿਸਾਨਾਂ ਦੀ ਤਸਵੀਰਾਂ ਦੇਖ ਕੇ ਤੁਹਾਨੂੰ ਦਿੱਲੀ ਦੇ ਬਾਰਡਰਾਂ ਦੀ ਯਾਦ ਆ ਜਾਵੇਗੀ। ਜਦੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਸੀ। ਤਕਰਬੀਨ ਇੱਕ ਸਾਲ ਤੱਕ ਚੱਲੇ ਉਸ ਧਰਨੇ ਵਿੱਚ ਕਿਸਾਨਾਂ ਨੇ ਬਹੁਤ ਹਨ੍ਹੇਰੀਆਂ ਤੇ ਬਾਰਿਸ਼ਾਂ ਝੱਲੀਆਂ ਸਨ। ਇਸ ਵਾਰ ਵੀ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਿਆਰੀ ਕਰਕੇ ਆਏ ਹਨ ਤੇ ਹਰ ਤਰ੍ਹਾਂ ਦੇ ਮੌਸਮ ਨਾਲ ਨਜਿੱਠਣ ਲਈ ਤਿਆਰ ਹਨ। ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ, ਰਾਸ਼ਨ ਤੇ ਬਾਰਿਸ਼ ਤੋਂ ਬਚਣ ਲਈ ਤਰਪੈਲਾਂ ਦਾ ਸਮਾਨ ਲੈ ਕੇ ਆਏ ਹਨ।
ਦੱਸਦੇਈਏ ਕਿ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਕੁਝ ਮੰਗਾਂ ਰੱਖੀਆਂ ਗਈਆਂ ਸਨ ਜਿੰਨਾਂ ਨਾਲ ਮੁੱਖ ਮੰਤਰੀ ਸਹਿਮਤ ਹੋਏ। ਪਰ ਕਿਸਾਨਾਂ ਵੱਲੋਂ ਮੰਗਾਂ ਜਲਦ ਲਾਗੂ ਕੀਤੀਆਂ ਜਾਣ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ। ਕਿਸਾਨਾਂ ਦਾ ਕਹਿਣਾ ਹੈ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਸਿਰਫ ਭਰੋਸਾ ਦਿਵਾਇਆ ਜਾਂਦਾ ਹੈ ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਉਹ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਆਏ ਹਨ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਆਉਣ ਇਸ ਵਾਰ ਚਾਹੇ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ ਉਹ ਮੰਗਾਂ ਲਾਗੂ ਕਰਵਾ ਕੇ ਹੀ ਜਾਣਗੇ।
ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀਆਂ ਮੰਗਾਂ ਲਾਗੂ ਕਰੇ। ਕਿਸਾਨ ਗੁਲਾਬੀ ਸੁੰਡੀ ਨਾਲ ਤੇ ਲੰਪੀ ਸਕਿਨ ਨਾਲ ਹੋਏ ਨੁਕਸਾਨ ਦੀ ਭਰਪਾਈ ਚਾਹੁੰਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ 23 ਫਸਲਾਂ ਤੇ ਐਮ. ਐਸ. ਪੀ. ਦੇਣ ਦੀ ਗੱਲ ਆਖੀ ਸੀ ਉਸ ਨੂੰ ਪੂਰਾ ਕੀਤਾ ਜਾਵੇ। ਪਰਾਲੀ ਸਾੜਨ ਨੂੰ ਲੈ ਕੇ ਵੀ ਸਰਕਾਰ ਕਿਸਾਨਾਂ ਖਿਲਾਫ ਕੀਤੇ ਕੇਸ ਵਾਪਸ ਲਵੇ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਜੀਰੇ ਵਿੱਚ ਲੱਗ ਰਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ।
WATCH LIVE TV