Punjab News: ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਧਨ ਨੂੰ ਠੰਢ ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ
Advertisement
Article Detail0/zeephh/zeephh2055272

Punjab News: ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਧਨ ਨੂੰ ਠੰਢ ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ

Punjab News: ਠੰਢ ਦੌਰਾਨ ਪਸ਼ੂਆਂ ਦੀ ਸੁਰੱਖਿਆ ਲਈ ਇਕੱਲੇ ਸਾਧਾਰਨ ਸ਼ੈਲਟਰ ਇੰਨੇ ਪ੍ਰਭਾਵਸ਼ਾਲੀ ਨਹੀਂ ਹੁੰਦੇ, ਇਸ ਲਈ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਸ਼ੈੱਡਾਂ ਵਿੱਚ ਪਟਸਨ ਦੇ ਬੈਗਾਂ ਤੋਂ ਬਣੀਆਂ 'ਪੱਲੀਆਂ' ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ

Punjab News: ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਧਨ ਨੂੰ ਠੰਢ ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ

Punjab News: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਧਨ ਨੂੰ ਠੰਢ ਦੇ ਮੌਸਮ ਦੌਰਾਨ ਚੱਲਣ ਵਾਲੀਆਂ ਤੇਜ਼ ਹਵਾਵਾਂ, ਜੋ ਪਸ਼ੂਆਂ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ, ਤੋਂ ਬਚਾਉਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿਉਂਕਿ ਠੰਢ ਵਿੱਚ ਪਸ਼ੂਆਂ ਦੇ ਬਿਮਾਰ ਹੋਣ ਨਾਲ ਪਸ਼ੂ ਪਾਲਕਾਂ ਨੂੰ ਆਰਥਿਕ ਅਤੇ ਹੋਰ ਸਮੱਸਿਆਵਾਂ ਆ ਸਕਦੀਆਂ ਹਨ।

ਇਸ ਐਡਵਾਇਜ਼ਰੀ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਜ਼ਿਆਦਾ ਠੰਢ ਦੌਰਾਨ ਪਸ਼ੂਆਂ ਦੀ ਸੁਰੱਖਿਆ ਲਈ ਇਕੱਲੇ ਸਾਧਾਰਨ ਸ਼ੈਲਟਰ ਇੰਨੇ ਪ੍ਰਭਾਵਸ਼ਾਲੀ ਨਹੀਂ ਹੁੰਦੇ, ਇਸ ਲਈ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਸ਼ੈੱਡਾਂ ਵਿੱਚ ਪਟਸਨ ਦੇ ਬੈਗਾਂ ਤੋਂ ਬਣੀਆਂ 'ਪੱਲੀਆਂ' ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਬਹੁਤ ਜ਼ਿਆਦਾ ਠੰਢ ਦੌਰਾਨ ਜਾਨਵਰਾਂ ਨੂੰ ਘਰ ਦੇ ਅੰਦਰ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਸਮੇਂ-ਸਮੇਂ 'ਤੇ ਨਿਗਰਾਨੀ ਕੀਤੀ ਜਾਵੇ। ਸ਼ੈੱਡਾਂ ਦੇ ਹੇਠਾਂ ਤਾਪਮਾਨ ਦੀ ਨਿਗਰਾਨੀ ਕੀਤੀ ਜਾਵੇ ਅਤੇ ਲੋੜ ਪੈਣ 'ਤੇ ਹੀਟਰਾਂ ਦੀ ਵਰਤੋਂ ਕੀਤੀ ਜਾਵੇ। ਅਮੋਨੀਆ ਦੇ ਪ੍ਰਭਾਵ ਤੋਂ ਬਚਣ ਲਈ ਪਸ਼ੂਆਂ ਹੇਠ ਜਗ੍ਹਾ ਨੂੰ ਸੁੱਕਾ ਅਤੇ ਸਾਫ਼ ਰੱਖਿਆ ਜਾਵੇ। ਪਸ਼ੂਆਂ ਦੇ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਹੋਣ 'ਤੇ ਹਾਈਪੋਥਰਮੀਆ ਹੋਣ ਦਾ ਖ਼ਤਰਾ ਹੁੰਦਾ ਹੈ। ਆਮ ਤੌਰ 'ਤੇ ਪਸ਼ੂਆਂ ਦੇ ਸਰੀਰ ਦਾ ਤਾਪਮਾਨ 30°-32° ਸੈਲਸੀਅਸ (86° ਫਾਰਨਹੀਟ-89° ਫਾਰਨਹੀਟ) ਹੋਣ 'ਤੇ ਮੱਧਮ ਹਾਈਪੋਥਰਮੀਆ, 22° ਸੈਲਸੀਅਸ -29° ਸੈਲਸੀਅਸ (71° ਫਾਰਨਹੀਟ -85° ਫਾਰਨਹੀਟ) 'ਤੇ ਮੌਡਰੇਟਿਡ ਹਾਈਪੋਥਰਮੀਆ ਅਤੇ 20° ਸੈਲਸੀਅਸ (68° ਫਾਰਨਹੀਟ) 'ਤੇ ਗੰਭੀਰ ਹਾਈਪੋਥਰਮੀਆ ਹੋਣ ਦੀ ਸੰਭਾਵਨਾ ਹੁੰਦੀ ਹੈ। ਗਊਆਂ ਤੇ ਹੋਰ ਗਊ ਵੰਸ਼ ਵਾਰਮਿੰਗ ਅਤੇ ਗਰਮ ਤਰਲ ਪਦਾਰਥਾਂ ਦੀ ਵਰਤੋਂ ਬਿਨਾਂ ਆਮ ਤਾਪਮਾਨ 'ਤੇ ਨਹੀਂ ਆ ਸਕਦੇ।

ਐਡਵਾਇਜ਼ਰੀ ਵਿੱਚ ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਬਹੁਤ ਜ਼ਿਆਦਾ ਠੰਢੇ ਮੌਸਮ ਵਿੱਚ ਪਸ਼ੂਆਂ ਨੂੰ ਚਾਰਨ ਲਈ ਨਾ ਲਿਜਾਇਆ ਜਾਵੇ ਅਤੇ ਵੱਡੇ ਫੀਡ ਸਟੋਰੇਜ ਦਾ ਪ੍ਰਬੰਧ ਕੀਤਾ ਜਾਵੇ। ਬਹੁਤ ਛੋਟੀ ਉਮਰ, ਬੁੱਢੇ ਜਾਂ ਬਿਮਾਰ ਜਾਨਵਰਾਂ ਨੂੰ ਆਮ ਤੌਰ 'ਤੇ ਤੰਦਰੁਸਤ, ਮੱਧ-ਉਮਰ ਦੇ ਜਾਨਵਰਾਂ ਦੇ ਮੁਕਾਬਲੇ ਸਰਦੀਆਂ ਦੌਰਾਨ ਵਧੇਰੇ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ। ਲੋੜੀਂਦੀ ਅਤੇ ਭਰਪੂਰ ਖ਼ੁਰਾਕ ਜਾਨਵਰਾਂ ਨੂੰ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਅਤੇ ਠੰਢ ਤੋਂ ਬਚਣ ਵਿੱਚ ਮਦਦ ਕਰੇਗੀ। ਕਿਸਾਨਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਕਿ ਸਟੋਰ ਕੀਤੀ ਸਰਦੀਆਂ ਦੀ ਖੁਰਾਕ ਚੰਗੀ ਪੌਸ਼ਟਿਕ ਗੁਣਵੱਤਾ ਵਾਲੀ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿੱਚ ਤੰਦਰੁਸਤੀ ਲਈ ਪਸ਼ੂਆਂ ਦਾ ਲੋੜੀਂਦਾ ਪਾਣੀ ਪੀਣਾ ਮਹੱਤਵਪੂਰਨ ਹੈ। ਜੇਕਰ ਪਾਣੀ ਬਹੁਤ ਜ਼ਿਆਦਾ ਠੰਢਾ ਹੋਵੇ ਤਾਂ ਪਸ਼ੂ ਢੁਕਵੀਂ ਮਾਤਰਾ ਵਿੱਚ ਪਾਣੀ ਨਹੀਂ ਪੀਂਦੇ। ਇਸ ਲਈ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪਸ਼ੂਆਂ ਲਈ ਤਾਜ਼ੇ ਪਾਣੀ ਦਾ ਪ੍ਰਬੰਧ ਕਰਨ। ਪਸ਼ੂਆਂ ਦੇ ਬਿਮਾਰ ਹੋਣ ਖਾਸ ਤੌਰ 'ਤੇ ਗੱਭਣ ਅਤੇ ਬਹੁਤ ਛੋਟੇ ਜਾਂ ਬਹੁਤ ਬੁੱਢੇ ਜਾਨਵਰਾਂ, ਜਿਨ੍ਹਾਂ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੁੰਦੀ ਹੈ, ਲਈ ਤੁਰੰਤ ਵੈਟਰਨਰੀ ਇਲਾਜ ਦੀ ਸਿਫਾਰਸ਼ ਕੀਤੀ ਗਈ ਹੈ।

Trending news