Ravinder Deewana Passes Away: ਐਤਵਾਰ ਨੂੰ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ।
Trending Photos
Ravinder Deewana Passes Away: ਬੀਤੇ ਦਿਨ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੀ ਦੁਖਦ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਲੋਕਸੰਪਰਕ ਵਿਭਾਗ ਤੋਂ ਸੇਵਾਮੁਕਤ ਇੰਸਪੈਕਟਰ ਰਵਿੰਦਰ ਦੀਵਾਨਾ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਰਵਿੰਦਰ ਦੀਵਾਨਾ ਦੇ ਕਈ ਨਾਮੀ ਕੰਪਨੀਆਂ ਵਿੱਚ ਸੋਲੋ ਅਤੇ ਡਿਊਟ ਗਾਣੇ ਵੀ ਰਿਕਾਰਡ ਹੋਏ ਜੋ ਕਿ ਕਾਫੀ ਮਕਬੂਲ ਹੋਏ ਸਨ।
ਉਨ੍ਹਾਂ ਦਾ ਨਾਮ ਪੰਜਾਬ ਦੇ ਚੋਟੀ ਦੇ ਗਾਇਕਾਂ ਵਿੱਚ ਸ਼ਾਮਲ ਸੀ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਪਿੰਡ ਰੱਤਾਖੇੜਾ ਫਿਰੋਜ਼ਪੁਰ ਵਿੱਚ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਰਵਿੰਦਰ ਦੀਵਾਨਾ ਨੇ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਵੀ ਕਾਫੀ ਨਾਮਣਾ ਖੱਟਿਆ ਸੀ। ਕਈ ਅਖ਼ਬਾਰਾਂ ਲਈ ਉਨ੍ਹਾਂ ਨੇ ਲੁਧਿਆਣਾ ਤੋਂ ਸਾਹਿਤਕ ਰਿਪੋਰਟਿੰਗ ਵੀ ਕੀਤੀ।
ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਗੀਤਕਾਰ ਉਤੇ ਗਾਇਕ ਅਮਰਜੀਤ ਸਿੰਘ ਸ਼ੇਰਪੁਰੀ ਨੇ ਕਿਹਾ ਕਿ ਦੀਵਾਨਾ ਜੀ ਬਹੁਤ ਹੀ ਹਰਮਨ ਪਿਆਰੇ ਅਤੇ ਸਭਨਾਂ ਨਾਲ ਵਧੀਆ ਸਲੂਕ ਕਰਨ ਅਤੇ ਨਿਮਰਤਾ ਭਰਪੂਰ ਸ਼ਖਸ਼ੀਅਤ ਸਨ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਉਨ੍ਹਾਂ ਦਾ ਡੂੰਘਾ ਯੋਗਦਾਨ ਰਿਹਾ ਹੈ। ਕਈ ਨਾਮੀ ਕੰਪਨੀਆਂ ਵਿੱਚ ਉਨਾਂ ਦੀ ਆਵਾਜ਼ ਵਿੱਚ ਸੋਲੋ ਤੇ ਡਿਊਟ ਗੀਤ ਰਿਕਾਰਡ ਹੋਏ ਤੇ ਬਹੁਤ ਮਕਬੂਲ ਹੋਏ। ਪੰਜਾਬ ਦੇ ਚੋਟੀ ਦੇ ਗਾਇਕਾਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਿਲ ਸੀ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।
ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾ. ਨਿਰਮਲ ਸਿੰਘ ਜੌੜਾ, ਤਰਲੋਚਨ ਸਿੰਘ ਪਨੇਸਰ ਨਾਟਕਕਾਰ, ਦੀਪ ਜਗਦੀਪ, ਸੁਰਜੀਤ ਭਗਤ, ਰਵਿੰਦਰ ਰਵੀ, ਸੰਧੇ ਸੁਖਬੀਰ, ਡਾ. ਗੁਰਇਕਬਾਲ ਸਿੰਘ, ਪ੍ਰੋ, ਰਵਿੰਦਰ ਸਿੰਘ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਸਿੰਘ ਕੈਲੇ, ਡਾ. ਗੁਰਚਰਨ ਕੌਰ ਕੋਚਰ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਸੁਰਿੰਦਰ ਰਾਮਪੁਰੀ, ਜਸਬੀਰ ਝੱਜ, ਸੁਰਿੰਦਰ ਸੇਠੀ ਅਤੇ ਹਰਬੰਸ ਮਾਲਵਾ ਵੀ ਸ਼ਾਮਲ ਹਨ।
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਇੰਸਪੈਕਟਰ ਰਵਿੰਦਰ ਸਿੰਘ ਦੀਵਾਨਾ ਦੇ ਦੇਹਾਂਤ ਦੀ ਖਬਰ ਬਹੁਤ ਹੀ ਦੁਖਦਾਈ ਹੈ। ਦੀਵਾਨਾ ਪੰਜਾਬੀ ਭਵਨ ਲੁਧਿਆਣਾ ਦੀਆਂ ਸਾਹਿਤਕ ਸਰਗਰਮੀਆਂ ਦਾ ਸ਼ਿੰਗਾਰ ਸਨ। ਹਰ ਸਮਾਗਮ ਵਿੱਚ ਕੁੱਝ ਨਾ ਕੁੱਝ ਨਵਾਂ ਤੇ ਸੁਰੀਲਾ ਸੁਣਾਉਂਦੇ ਸਨ। ਰੌਣਕੀ ਮਿੱਤਰ ਦੇ ਜਾਣ ਉਤੇ ਮਨ ਉਦਾਸ ਹੋਇਆ ਹੈ।