Longowal News: ਸੰਨ 1962 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ।
Trending Photos
Death Anniversary of Harchand Singh Longowal: ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਅੱਜ ਲੌਂਗੋਵਾਲ ਵਿੱਚ ਦੋ ਸ਼ਹੀਦੀ ਕਾਨਫਰੰਸਾਂ ਹੋਣਗੀਆਂ। ਦੋਵੇਂ ਸ਼ਹੀਦੀ ਕਾਨਫਰੰਸਾਂ ਨੂੰ ਸਿਆਸੀ ਹਲਕਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਨਫਰੰਸ ਭਾਈ ਮਨੀ ਸਿੰਘ ਕਾਲਜ ਲੌਂਗੋਵਾਲ ਵਿੱਚ ਕਰਵਾਈ ਜਾ ਰਹੀ ਹੈ ਜਦਕਿ ਬਾਗ਼ੀ ਧੜੇ ਭਾਵ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਕਾਨਫਰੰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਵਿਦਿਅਕ ਸੰਸਥਾ ਭਾਈ ਦਿਆਲਾ ਜੀ ਪਬਲਿਕ ਸਕੂਲ ਵਿੱਚ ਕਰਵਾਈ ਜਾ ਰਹੀ ਹੈ। ਦੋਵੇਂ ਧਿਰਾਂ ਵੱਲੋਂ ਇੱਕ- ਦੂਜੇ ਨਾਲੋਂ ਵੱਧ ਇਕੱਠ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੋਵੇਂ ਧੜਿਆਂ ਵੱਲੋਂ ਤਿੰਨੋਂ ਜ਼ਿਲ੍ਹਿਆਂ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਵਿੱਚ ਮੀਟਿੰਗਾਂ ਕਰ ਕੇ ਆਪੋ-ਆਪਣੇ ਸਮਰਥਕਾਂ ਨੂੰ ਵੱਡੀ ਗਿਣਤੀ ਸਮੇਤ ਕਾਨਫਰੰਸ ਵਿੱਚ ਪੁੱਜਣ ਲਈ ਲਾਮਬੰਦ ਕੀਤਾ ਗਿਆ ਹੈ।
ਕਿਸੇ ਸਮੇਂ ਜ਼ਿਲ੍ਹਾ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਸਮਝਿਆ ਜਾਂਦਾ ਸੀ ਅਤੇ ਜ਼ਿਲ੍ਹੇ ਦੀ ਅਕਾਲੀ ਸਿਆਸਤ ਢੀਂਡਸਾ ਅਤੇ ਬਰਨਾਲਾ ਧੜਿਆਂ ਉਪਰ ਹੀ ਕੇਂਦਰਿਤ ਸੀ ਪਰ ਬਦਲੇ ਸਿਆਸੀ ਸਮੀਕਰਨਾਂ ਕਾਰਨ ਹੁਣ ਢੀਂਡਸਾ ਅਤੇ ਬਰਨਾਲਾ ਧੜੇ ਇੱਕੋ ਮੰਚ ’ਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੀ ਸ਼ਹੀਦੀ ਕਾਨਫਰੰਸ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਦੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਾਮਲ ਹੋਣਗੇ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੀ ਸ਼ਹੀਦੀ ਕਾਨਫਰੰਸ ’ਚ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਬਲਦੇਵ ਸਿੰਘ ਮਾਨ, ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ ਤੇ ਹੋਰ ਸ਼ਾਮਲ ਹੋ ਰਹੇ ਹਨ।
'ਕੌਣ ਨੇ ਸੰਤ ਲੌਂਗੋਵਾਲ ?
ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਅਗਸਤ 1932 ਨੂੰ ਪਿੰਡ ਗਿਦੜਿਆਣੀ ਵਿੱਚ ਹੋਇਆ ਸੀ। ਸੰਨ 1955 ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਜਿਸ ਵਿੱਚ ਜਥਾ ਲੈ ਕੇ ਲੌਂਗੋਵਾਲ ਨੇ ਸੰਗਰੂਰ ਵਿਖੇ ਗ੍ਰਿਫ਼ਤਾਰੀ ਦਿੱਤੀ ਅਤੇ ਦੋ ਮਹੀਨੇ ਹਿਸਾਰ ਜੇਲ੍ਹ ’ਚ ਰਹੇ। ਸੰਨ 1962 ਵਿੱਚ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ਸੰਨ 1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ। 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਜਿਸ ਨੂੰ ਸੰਸਦ ਨੇ ਪ੍ਰਵਾਨਗੀ ਦੇ ਦਿੱਤੀ ਸੀ। ਸੰਤ ਹਰਚੰਦ ਸਿੰਘ ਨੇ ਅਕਾਲੀ ਦਲ ਦਾ ਜਨਰਲ ਇਜਲਾਸ ਬੁਲਾ ਕੇ ਸਰਬਸੰਮਤੀ ਨਾਲ ਪ੍ਰਵਾਨਗੀ ਲਈ। 20 ਅਗਸਤ 1985 ਨੂੰ ਸ਼ੇਰਪੁਰ ਦੇ ਗੁਰਦੁਆਰੇ ਅੰਦਰ ਭਰੇ ਇਕੱਠ ਵਿੱਚ ਸੰਤ ਹਰਚੰਦ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।