Patiala News: ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ।
Trending Photos
Patiala News: ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਰਿਸ਼ੀ ਕਲੋਨੀ ਵਿੱਚ ਇੱਕ ਮਨੀ ਸ਼ਰਮਾ ਨਾਮਕ ਔਰਤ ਤੋਂ ਬੱਚਾ ਬਰਾਮਦ ਕੀਤਾ ਗਿਆ ਹੈ, ਜਿਸ ਦੀ ਹਾਲਤ ਕਾਫੀ ਖ਼ਰਾਬ ਹੈ। ਇਹ ਬੱਚਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟਾ ਬਾਦਸ਼ਾਹ ਦੇ ਪਰਬਦੀਪ ਸਿੰਘ ਦਾ ਲੜਕਾ ਹੈ।
ਪਰਬਦੀਪ ਸਿੰਘ ਦਾ ਆਪਣੀ ਪਤਨੀ ਨਾਲ ਪਰਿਵਾਰਕ ਕਲੇਸ਼ ਚੱਲਦਾ ਸੀ। ਇਸ ਕਾਰਨ ਉਸ ਦੀ ਪਤਨੀ ਇਨ੍ਹਾਂ ਨੂੰ ਛੱਡ ਕੇ ਚਲੀ ਗਈ। ਇਸ ਮਗਰੋਂ 8 ਜਨਵਰੀ 2024 ਨੂੰ ਪਰਬਦੀਪ ਸਿੰਘ ਨੇ ਆਪਣੇ ਇਸ ਬੇਟੇ ਨੂੰ ਸਰਲਾ ਦੇਵੀ ਵਾਸੀ ਜੈਤੋ ਨੂੰ ਕਾਨੂੰਨੀ ਮੁਤਾਬਕ ਸੌਂਪ ਦਿੱਤਾ। ਸਰਲਾ ਦੇਵੀ ਦੇ ਤਿੰਨ ਬੱਚੇ ਸਨ, ਜਿਨ੍ਹਾਂ ਵਿਚੋਂ ਦੋ ਲੜਕਿਆਂ ਦੀ ਮੌਤ ਹੋ ਚੁੱਕੀ ਹੈ। ਉਸ ਦੀ ਧੀ ਮਨੀ ਸ਼ਰਮਾ ਪਟਿਆਲਾ ਵਿੱਚ ਰਹਿੰਦੀ ਹੈ।
ਇਸ ਤੋਂ ਬਾਅਦ ਸਰਲਾ ਦੇਵੀ ਨੇ ਇਹ ਬੱਚਾ ਆਪਣੀ ਬੇਟੀ ਮਨੀ ਸ਼ਰਮਾ ਨੂੰ ਸੌਂਪ ਦਿੱਤਾ। ਇਸ ਬੱਚੇ ਨੂੰ ਮਨੀ ਸ਼ਰਮਾ ਪਟਿਆਲਾ ਸਥਿਤ ਆਪਣੇ ਘਰ ਵਿੱਚ ਰੱਖ ਰਹੀ ਸੀ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਦੀ ਸੀ। ਬੱਚੇ ਦੇ ਚਿਹਰੇ ਅਤੇ ਪਿੱਠ ਉਪਰ ਬੈਲਟਾਂ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਗਰਮ ਪ੍ਰੈਸ ਨਾਲ ਦਾਗ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਅਰਬਨ ਸਟੇਟ ਪੁਲਿਸ ਨੇ ਉਕਤ ਮਹਿਲਾ ਮਨੀ ਸ਼ਰਮਾ ਖਿਲਾਫ ਬੀਐਨਐਸ ਦੀ ਧਾਰਾ 115(2) ,127 (3) ਅਤੇ 351 ਅਧੀਨ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।
ਬੱਚੇ ਦੇ ਪਿਤਾ ਨੇ ਉਸ ਨੂੰ ਮਨੀ ਸ਼ਰਮਾ ਦੀ ਮਾਂ ਕੋਲ ਇਹ ਕਹਿ ਕੇ ਛੱਡ ਦਿੱਤਾ ਸੀ ਕਿ ਉਹ ਉਸ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ। ਇਸ ਤੋਂ ਬਾਅਦ ਉਸ ਨੂੰ ਚਾਰ ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਆਪਣੀ ਧੀ ਕੋਲ ਪਟਿਆਲਾ ਛੱਡ ਦਿੱਤਾ ਅਤੇ ਉਦੋਂ ਤੋਂ ਉਹ ਉਸ ਦੇ ਕੋਲ ਰਹਿ ਰਿਹਾ ਹੈ।
ਬੱਚੇ ਨੇ ਦੱਸਿਆ ਕਿ ਮੁਲਜ਼ਮ ਮਨੀ ਸ਼ਰਮਾ ਉਸ ਨੂੰ ਦੇਰ ਰਾਤ ਤੱਕ ਘਰ 'ਚ ਝਾੜੂ ਲਗਾਉਣ, ਕੱਪੜੇ ਧੋਣ ਆਦਿ ਦਾ ਕੰਮ ਕਰਵਾਉਂਦੀ ਸੀ। ਕੰਮ ਕਰਨ ਦੇ ਬਾਵਜੂਦ ਉਹ ਉਸ ਨੂੰ ਕਈ ਵਾਰ ਬੈਲਟ ਨਾਲ ਅਤੇ ਕਦੇ ਡੰਡੇ ਨਾਲ ਕੁੱਟਦੀ ਸੀ। ਬੱਚੇ ਨੇ ਦੱਸਿਆ ਕਿ ਉਹ ਘਰ ਦਾ ਸਾਰਾ ਕੰਮ ਕਰਦਾ ਸੀ, ਫਿਰ ਵੀ ਪ੍ਰੈਸ ਲਗਾ ਦਿੱਤੀ ਹੈ। ਉਸਨੇ ਉਸਨੂੰ ਖਾਣਾ ਵੀ ਨਹੀਂ ਦਿੱਤਾ ਅਤੇ ਕਮਰੇ ਦੇ ਪਿੱਛੇ ਛੱਤ ਤੋਂ ਬਿਨਾਂ ਇੱਕ ਖੁੱਲੀ ਜਗ੍ਹਾ ਵਿੱਚ ਰੱਖਿਆ।