PSEB Result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12 ਜਮਾਤ ਦੇ ਐਲਾਨਿਆ ਨਤੀਜਿਆਂ ਵਿੱਚ ਮਾਲਵਾ ਪੱਟੀ ਦਾ ਦਬਦਬਾ ਰਿਹਾ ਹੈ। ਪਹਿਲੀਆਂ ਪੁਜ਼ੀਸ਼ਨਾਂ ਉਪਰ ਮਾਲਵਾ ਪੱਟੀ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ ਹੈ।
Trending Photos
PSEB Result 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2022-23 ਸੈਸ਼ਨ ਦੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਚਾਰੋਂ ਜਮਾਤਾਂ ਦੇ ਨਤੀਜੇ ਕਾਫੀ ਸ਼ਾਨਦਾਰ ਆਏ ਹਨ। ਇਸ ਵਾਰ ਵੀ ਲੜਕੀਆਂ ਨੇ ਲੜਕਿਆਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਨਤੀਜਿਆਂ ਵਿੱਚ ਦਿਲਚਸਪ ਗੱਲ ਹੈ ਕਿ ਮਾਲਵਾ ਪੱਟੀ ਦੀਆਂ ਲੜਕੀਆਂ ਦਾ ਪਹਿਲੀਆਂ ਪੁਜ਼ੀਸ਼ਨਾਂ ਉੁਪਰ ਕਾਫੀ ਦਬਦਬਾ ਰਿਹਾ ਹੈ।
5ਵੀਂ ਜਮਾਤ ਵਿੱਚ ਪਹਿਲੀਆਂ ਦੋਵੇਂ ਪੁਜ਼ੀਸ਼ਨਾਂ ਉਪਰ ਪੱਛੜੇ ਕਹੇ ਜਾਣ ਵਾਲੇ ਮਾਨਸਾ ਜ਼ਿਲ੍ਹੇ ਦੀਆਂ ਲੜਕੀਆਂ ਰਹੀਆਂ ਹਨ। 8ਵੀਂ ਜਮਾਤ ਦੀਆਂ ਦੋਵੇਂ ਪਹਿਲੀਆਂ ਪੁਜ਼ੀਸ਼ਨਾਂ ਉਪਰ ਵੀ ਲੜਕੀਆਂ ਦਾ ਦਬਦਬਾ ਰਿਹਾ ਹੈ। ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੀਆਂ ਦੋ ਪੁਜ਼ੀਸ਼ਨਾਂ ਉਪਰ ਫਰੀਦਕੋਟ ਦੀਆਂ ਧੀਆਂ ਨੇ ਬਾਜ਼ੀ ਮਾਰੀ ਹੈ। ਇਸ ਤੋਂ ਇਲਾਵਾ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੀ ਪੁਜ਼ੀਸ਼ਨ ਉਪਰ ਮਾਨਸਾ, ਦੂਜੀ ਪੁਜ਼ੀਸ਼ਨ ਉਪਰ ਬਠਿੰਡਾ ਅਤੇ ਤੀਜੇ ਸਥਾਨ ਉਪਰ ਲੁਧਿਆਣਾ ਦੀ ਲੜਕੀ ਰਹੀ ਹੈ।
5ਵੀਂ ਜਮਾਤ ਦਾ ਨਤੀਜਾ
ਦੱਸਣਯੋਗ ਹੈ ਕਿ ਸੂਬੇ ਭਰ 'ਚ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ, ਜਿਸ ਵਿੱਚ ਮਾਨਸਾ ਜ਼ਿਲ੍ਹੇ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਨੇ ਪਹਿਲਾ, ਮਾਨਸਾ ਦੀ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਨੇ ਦੂਜਾ ਸਥਾਨ ਤੇ ਫਰੀਦਕੋਟ ਦੇ ਰਹਿਣ ਵਾਲੇ ਗੁਰਨੂਰ ਸਿੰਘ ਪੁੱਤਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਬਰਨਾਲਾ ਜ਼ਿਲ੍ਹਾ 99.86 ਫ਼ੀਸਦੀ ਨਾਲ ਸਾਰੇ ਜ਼ਿਲ੍ਹਿਆਂ ਵਿਚੋਂ ਪਹਿਲੇ ਨੰਬਰ ’ਤੇ ਰਿਹਾ ਹੈ। ਪਹਿਲੇ ਨੰਬਰ ’ਤੇ ਆਏ ਵਿਦਿਆਰਥੀ ਉਮਰ ਦੇ ਆਧਾਰ ’ਤੇ ਐਲਾਨੇ ਗਏ ਹਨ। ਸਭ ਤੋਂ ਛੋਟੀ ਉਮਰ ਦੇ 100 ਫ਼ੀਸਦੀ ਅੰਕ ਲੈਣ ਵਾਲੇ ਪ੍ਰੀਖਿਆਰਥੀਆਂ ਨੂੰ ਪਹਿਲੇ ਸਥਾਨ ’ਤੇ ਐਲਾਨਿਆ ਗਿਆ ਹੈ।
8ਵੀਂ ਜਮਾਤ ਦਾ ਨਤੀਜਾ
ਸਰਕਾਰੀ ਕੰਨਿਆ ਸਕੂਲ ਬੁਢਲਾਡਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ’ਤੇ ਰਹੀ ਵਿਦਿਆਰਥਣ ਗੁਰਅੰਕਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵੀ ਸਰਕਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਅਰਥਣ ਹੈ।
ਜਦਕਿ ਤੀਜਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ ਹਾਸਲ ਕੀਤਾ ਹੈ। ਇਸ ਵਾਰ ਅੱਠਵੀਂ ਦੇ ਨਤੀਜਿਆਂ ਦੀ ਮੈਰਿਟ ਵਿੱਚ ਮੁੰਡੇ ਕੁਝ ਜ਼ਿਆਦਾ ਕਮਾਲ ਨਹੀਂ ਦਖਾ ਸਕੇ ਜਿੱਥੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਵਿੱਚ ਕੁੜੀਆਂ ਹਨ ਉਥੇ ਹੀ ਮੈਰਿਟ ਵਿੱਚ ਸਿਰਫ 46 ਮੁੰਡੇ ਆਪਣੀ ਜਗ੍ਹਾ ਬਣਾ ਸਕੇ। ਜੇਕਰ 8ਵੀਂ ਜਮਾਤ ਦੀ ਪਾਸ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ 99.33 ਫੀਸਦ ਨਾਲ ਪਹਿਲੇ ਸਥਾਨ ਉਤੇ ਰਿਹਾ।
ਇਸ ਦੇ ਨਾਲ ਹੀ 96.79 ਫ਼ੀਸਦ ਨਾਲ ਮੋਗਾ ਜਿਲ੍ਹਾ ਪਿੱਛੇ ਰਹਿ ਗਿਆ। ਕੁੱਲ 298127 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠੇ ਜਿਨ੍ਹਾਂ ਵਿੱਚੋ 292206 ਪਾਸ ਹੋਏ ਜਿਸ ਨਾਲ ਪੰਜਾਬ ਦਾ 8ਵੀਂ ਜਮਾਤ ਦੇ ਨਤੀਜੇ ਦੀ ਪਾਸ ਫੀਸਦ 98.01 ਰਹੀ।
10ਵੀਂ ਜਮਾਤ ਦਾ ਨਤੀਜਾ
ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦ ਨਾਲ ਸੂਬੇ 'ਚੋਂ ਟਾਪ ਕੀਤਾ ਹੈ। ਇਸ ਵਾਰ ਵੀ ਕੁੜੀਆਂ ਦੀ ਜਿੱਤ ਹੋਈ ਹੈ ਤੇ ਫਰੀਦਕੋਟ ਦੀ ਗਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦਕਿ ਫਰੀਦਕੋਟ ਦੀ ਨਵਜੋਤ ਨੇ ਦੂਜਾ ਅਤੇ ਮਾਨਸਾ ਦੀ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਗਗਨਦੀਪ ਕੌਰ ਨੇ 650 'ਚੋਂ 650 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤੀ ਹੈ। ਇਸੇ ਸਕੂਲ ਦੀ ਨਵਜੋਤ ਨੇ 650 'ਚੋਂ 648 ਅੰਕ ਹਾਸਿਲ ਕਰਦਿਆਂ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਗੌਰਮਿੰਟ ਹਾਈ ਸਕੂਲ, ਮੰਡਾਲੀ (ਮਾਨਸਾ) ਦੀ ਹਰਮਨਦੀਪ ਕੌਰ ਨੇ 650 'ਚੋਂ 646 ਅੰਕ ਹਾਸਿਲ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ।
12ਵੀਂ ਜਮਾਤ ਦਾ ਨਤੀਜਾ
ਪੰਜਾਬ ਬੋਰਡ ਵੱਲੋਂ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੀ ਸੁਜਾਨ ਕੌਰ 100 ਫ਼ੀਸਦੀ ਅੰਕ ਲੈਕੇ ਅੱਵਲ ਰਹੀ। ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ 'ਤੇ ਰਹੀ। ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਕੁੱਲ ਨਤੀਜਾ 92.47 ਫ਼ੀਸਦੀ ਰਿਹਾ। 1ਮਾਰਚ 2023 ਵਿਚ ਹੋਈ 12ਵੀਂ ਜਮਾਤ ਦੀ ਪ੍ਰੀਖਿਆ 'ਚ 296709 ਵਿਦਿਆਰਥੀ ਬੈਠੇ ਸਨ। ਪੰਜਾਬ ਬੋਰਡ ਵੱਲੋਂ 343 ਬੱਚਿਆਂ ਦੀ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ। ਜਲੰਧਰ ਦੇ 6 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਜਗ੍ਹਾ ਬਣਾਈ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੀਆਂ ਕੁੜੀਆਂ ਹਨ ਤੇ ਕਾਮਰਸ ਸਟ੍ਰੀਮ ਦੀਆਂ ਹਨ।
ਇਹ ਵੀ ਪੜ੍ਹੋ: Punjab News: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ! ਫਰਜ਼ੀ ਆਈਡੀ ਨਾਲ ਜੁੜੇ ਲੱਖਾਂ ਸਿਮ ਕਾਰਡ ਕੀਤੇ ਬਲਾਕ