Delhi March News: ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ 21 ਜਨਵਰੀ ਨੂੰ 101 ਕਿਸਾਨਾਂ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ। ਜਿਸਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ ਅਤੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਕਰਨਗੇ।
Trending Photos
Delhi March News: ਕਿਸਾਨ ਮਜ਼ਦੂਰ ਮੋਰਚਾ ( ਭਾਰਤ ) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਿਸਥਾਨ) ਬਾਡਰਾਂ ਤੇ ਪਿਛਲੇ 11 ਮਹੀਨੇ ਤੋਂ ਵੱਧ ਸਮੇਂ ਤੋਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਕਿਸਾਨਾਂ ਮਜਦੂਰਾਂ ਦੇ ਕਰਜ਼ੇ ਸਮੇਤ 12 ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 52 ਦਿਨ ਵਿੱਚ ਜਾਰੀ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਮੰਗਾਂ ਪ੍ਰਤੀ ਉਦਾਸੀਨ ਨਜ਼ਰੀਆ ਰੱਖਿਆ ਅਤੇ ਅੰਦੋਲਨਕਾਰੀ ਜਥੇਬੰਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਠੱਪ ਕੀਤੀ ਹੋਈ ਹੈ।
ਸ਼ੰਭੂ ਬਾਰਡਰ ਤੇ ਅੰਦੋਲਨਕਾਰੀ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜਿਵੇਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ 6, 8 ਅਤੇ 14 ਦਸੰਬਰ ਨੂੰ ਤਿੰਨ ਜਥੇ ਪੈਦਲ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧੇ ਸਨ। ਇਸੇ ਹੀ ਤਰੀਕੇ ਦੇ ਨਾਲ ਦੋਨਾਂ ਫੋਰਮਾਂ ਦੇ ਫੈਸਲੇ ਅਨੁਸਾਰ 21 ਜਨਵਰੀ ਨੂੰ 101 ਕਿਸਾਨਾਂ ਜਥਾ ਦਿੱਲੀ ਵੱਲ ਨੂੰ ਕੂਚ ਕਰੇਗਾ। ਜਿਸਦੀ ਅਗਵਾਈ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਬੀਕੇਯੂ ਦੁਆਬਾ ਅਤੇ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਕਰਨਗੇ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਤਿੰਨ ਜਥਿਆਂ ਦੇ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਮਜਦੂਰਾਂ ਨੂੰ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਫਟੜ ਕੀਤਾ ਗਿਆ ਉਹ ਅਤਿ ਨਿੰਦਯੋਗ ਹੈ। ਉਹਨਾਂ ਕਿਹਾ ਕਿ ਇਸ ਵਾਰ ਵੀ ਸ਼ਾਂਤਮਈ ਤਰੀਕੇ ਨਾਲ ਅੱਗੇ ਨੂੰ ਵਧਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਅਪੀਲ ਹੈ ਕਿ ਜਾਂ ਅੰਦੋਲਨ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਮਜਦੂਰਾਂ ਦੇ ਇਥੋਂ ਹੀ ਵਾਪਿਸ ਘਰਾਂ ਨੂੰ ਚਲੇ ਜਾਣ ਦਾ ਪ੍ਰਬੰਧ ਕਰ ਦਿੱਤਾ ਜਾਵੇ ਜਾਂ ਬੇਰਿਕੇਡ ਖੋਲ੍ਹੇ ਜਾਣ ਅਤੇ ਉਹਨਾਂ ਨੂੰ ਦੇਸ਼ ਦੀ ਰਾਜਧਾਨੀ ਜਾ ਕੇ ਆਪਣੀ ਆਵਾਜ਼ ਚੱਕਣ ਦਾ ਰਾਹ ਪੱਧਰਾ ਕੀਤਾ ਜਾਵੇ।
ਪੰਧੇਰ ਨੇ ਕਿਹਾ ਕਿ ਅਗਰ ਅਜਿਹਾ ਨਹੀਂ ਕੀਤਾ ਜਾਂਦਾ ਔਰ ਪਹਿਲਾਂ ਵਾਂਗ ਜ਼ਬਰ ਜੁਲਮ ਕੀਤਾ ਜਾਂਦਾ ਹੈ ਤਾਂ ਵੀ ਸੀਨੀਅਰ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸ਼ਾਂਤਮਈ ਰੂਪ ਵਿੱਚ ਸਾਰਾ ਜੁਲਮ ਆਪਣੇ ਪਿੰਡੇ ਤੇ ਝੱਲ ਕੇ ਸਰਕਾਰ ਦਾ ਕਰੂਪ ਚਿਹਰਾ ਨੰਗਾ ਕਰਨਗੇ। ਉਹਨਾਂ ਕਿਹਾ ਕਿ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਅੱਜ ਲਗਾਤਾਰ 52 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ ਔਰ ਕੱਲ ਤੋਂ 111 ਕਿਸਾਨ ਮਰਨ ਵਰਤ ਤੇ ਬੈਠ ਚੁੱਕੇ ਹਨ। ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ, ਸਾਡੀਆਂ ਉਹੀ 12 ਮੰਗਾਂ ਨੇ ਜਿਹੜੀਆਂ ਮੰਗਾਂ 2020 ਦੇ ਵਿੱਚ ਸਰਕਾਰਾਂ ਨੇ ਲਿਖਤੀ ਰੂਪ ਵਿੱਚ ਮੰਨੀਆ ਸਨ।
ਇਸ ਮੌਕੇ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਵਿੱਚ ਫਿਰੋਜ਼ਪੁਰ ਰੈਲੀ ਦੇ ਪ੍ਰੋਗਰਾਮ ਕੈਂਸਲ ਹੋਣ ਤੇ ਧਰਨਾਕਾਰੀ ਕਿਸਾਨਾਂ ਤੇ ਕੀਤੇ ਗਏ ਜ਼ੀਰੋ ਐੱਫ ਆਈ ਆਰ ਤੇ ਹੁਣ ਪੰਜਾਬ ਦੀ ਭਗਵੰਤ ਸਰਕਾਰ ਵੱਲੋਂ ਜਾਨ ਲੈਣ ਦੀ ਕੋਸ਼ਿਸ਼ ਤਹਿਤ 307 ਦੇ ਪਰਚੇ ਦਰਜ ਕੀਤੇ ਹਨ ਜ਼ੋ ਕਿ ਬਿਲਕੁਲ ਬੇਹੂਦਾ ਅਤੇ ਤੁਗਲਕੀ ਫੈਸਲਾ ਹੈ, ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਅਗਰ ਅਜਿਹੀ ਕੋਈ ਕਾਰਵਾਈ ਕਿਸੇ ਵੀ ਕਿਸਾਨ ਖਿਲਾਫ ਕੀਤੀ ਗਈ ਤਾਂ ਜਥੇਬੰਦੀਆਂ ਵੱਲੋਂ ਤਿੱਖਾ ਪ੍ਰਤੀਕਰਮ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਫੂਲ, ਬਲਵੰਤ ਸਿੰਘ ਬਹਿਰਾਮਕੇ, ਤੇਜਬੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ, ਮਨਜੀਤ ਸਿੰਘ ਫੌਜੀ, ਸੁਖਚੈਨ ਸਿੰਘ, ਬਲਕਾਰ ਸਿੰਘ ਬੈਂਸ ਹਾਜ਼ਿਰ ਰਹੇ।