Hoshiarpur News : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਅਧੀਨ ਪੈਂਦੇ ਪਿੰਡ ਸਾਰੰਗਵਾਲ ਦੇ ਜੰਗਲਾਂ ਵਿਚ ਸ਼ਿਕਾਰ ਕਰਕੇ ਮਾਰੇ ਗਏ ਜਾਨਵਰਾਂ ਦੀਆਂ ਖੱਲਾਂ, ਹੱਡ, ਤਾਜੇ ਮਾਰੇ ਜਾਨਵਰਾਂ ਦੇ ਸਰੀਰ ਬਰਾਮਦ ਹੋਏ।
Trending Photos
Hoshiarpur News : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਅਧੀਨ ਪੈਂਦੇ ਪਿੰਡ ਸਾਰੰਗਵਾਲ ਦੇ ਜੰਗਲਾਂ ਵਿਚ ਸ਼ਿਕਾਰ ਕਰਕੇ ਮਾਰੇ ਗਏ ਜਾਨਵਰਾਂ ਦੀਆਂ ਖੱਲਾਂ, ਹੱਡ, ਤਾਜੇ ਮਾਰੇ ਜਾਨਵਰਾਂ ਦੇ ਸਰੀਰ ਮਿਲਣ ਨਾਲ ਨਾ ਸਿਰਫ਼ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਬਲਕਿ ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ ਹਿੱਲ ਗਿਆ।
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਘੁੱਗ ਵਸੇ ਪਿੰਡਾਂ ਵਿਚ ਸਾਂਭਰ ਦੇ ਵੱਡੀ ਪੱਧਰ ਉਤੇ ਹੋ ਰਹੇ ਸ਼ਿਕਾਰ ਨੇ ਪੂਰੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਉਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਗੁਪਤ ਸੂਚਨਾ ਮਿਲਣ ਉਤੇ ਪਹੁੰਚੇ ਜੰਗਲਾਤ, ਬਿਜਲੀ ਅਤੇ ਵਣ ਵਿਭਾਗ ਦੇ ਅਧਿਕਾਰੀ ਵੀ ਵੱਡੀ ਪੱਧਰ ’ਤੇ ਸਾਂਭਰਾਂ ਦੇ ਸਰੀਰ, ਹੱਡ, ਖੱਲਾਂ ਮਿਲਣ ’ਤੇ ਸੁੰਨ ਹੋ ਗਏ। ਵੱਡੀ ਪੱਧਰ ’ਤੇ ਮਰੇ ਮਨਾਹੀ ਵਾਲੇ ਜਾਨਵਰਾਂ ਨੂੰ ਦੇਖ ਸਬੰਧਤ ਵਿਭਾਗ ਦੇ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸਾਰੰਗਵਾਲ ਅਤੇ ਸੂਣਾ ਦੇ ਜੰਗਲਾਂ ਵਿਚ ਕੁੱਝ ਲੋਕ ਜੰਗਲੀ ਜੀਵਾ ਦਾ ਸ਼ਿਕਾਰ ਕਰਦੇ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀ ਰਾਜਪਾਲ ਸਿੰਘ ਰੇਂਜ ਅਫ਼ਸਰ ਗੜ੍ਹਸ਼ੰਕਰ, ਅਜੇ ਕੁਮਾਰ, ਜੰਗਲੀ ਜੀਵ ਸੁਰੱਖਿਆ ਦੇ ਰਮਨਪ੍ਰੀਤ ਕੌਰ ਨੇ ਮੌਕੇ ’ਤੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਮ੍ਰਿਤਕ ਸਾਂਭਰਾਂ ਦੀਆਂ ਹੱਡੀਆਂ ਮਿਲੀਆਂ ਜਿਸ ਕਾਰਨ ਉਨ੍ਹਾਂ ਜੰਗਲ ਨੂੰ ਖ਼ੰਗਾਲਣ ਦਾ ਮਨ ਬਣਾਇਆ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਥੋੜ੍ਹਾ ਹੋਰ ਜੰਗਲ ਦੇ ਅੰਦਰ ਗਏ ਤਾਂ ਥਾਂ ਥਾਂ ਉਤੇ ਸਾਂਭਰਾਂ ਦੀਆਂ ਹੱਡੀਆਂ, ਸਿੰਗ ਮਿਲੇ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਸ ਖ਼ੇਤਰ ਵਿਚ ਸ਼ਿਕਾਰ ਵੱਡੀ ਪੱਧਰ ਉਤੇ ਖੇਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੰਗਲ ਦੇ ਹੋਰ ਅੰਦਰ ਜਾਣ ’ਤੇ ਉਨ੍ਹਾਂ ਨੂੰ ਮਰੇ ਹੋਏ ਸਾਂਭਰਾਂ ਦੇ ਮੂੰਹ ਸਮੇਤ ਸਿੰਗ ਬਰਾਮਦ ਹੋਏ ਅਤੇ ਖੋਜ ਕਰਨ ’ਤੇ ਇੱਕ ਥਾਂ ’ਤੇ ਜ਼ਮੀਨ ਵਿਚ ਦੱਬੀਆਂ ਹੋਈਆਂ ਸਾਂਭਰਾਂ ਦੀਆਂ ਦਰਜਨ ਦੇ ਕਰੀਬ ਖ਼ੱਲਾਂ ਵੀ ਬਰਾਮਦ ਹੋਈਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਸਾਂਭਰਾਂ ਦੇ ਸਿੰਗ, ਖ਼ੱਲਾਂ, ਹੱਡੀਆਂ, ਵੱਢੀਆਂ ਹੋਈ ਗਰਦਨਾਂ ਅਤੇ ਪਸ਼ੂਆਂ ਨਾਲ ਸਬੰਧਤ ਹੋਰ ਸਮਾਨ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰਾ ਸਮਾਨ ਕਬਜ਼ੇ ਵਿਚ ਲੈ ਕੇ ਇਸ ਨੂੰ ਦਾ ਟੈਸਟ ਕਰਨ ਲਈ ਭੇਜ ਦਿੱਤਾ ਹੈ ਅਤੇ ਮੈਡੀਕਲ ਰਿਪੋਰਟ ਆਉਣ ਉਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇੱਕ ਦੋਸ਼ੀ ਹੋਇਆ ਫ਼ਰਾਰ
ਗੁਪਤ ਸੂਚਨਾਵਾਂ ਦੇਣ ਵਾਲਿਆਂ ਦੀ ਨਿਸ਼ਾਨਦੇਹੀ ’ਤੇ ਜੰਗਲਾਤ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਮਨਕੀਰਤ ਸਿੰਘ ਅਤੇ ਦਲਵੀਰ ਸਿੰਘ ਉਰਫ਼ ਬਿੱਲੂ ਵਾਸੀਆਨ ਸਾਰੰਗਵਾਲ ਨੂੰ ਕਾਬੂ ਕਰ ਲਿਆ ਪਰੰਤੂ ਦਲਵੀਰ ਸਿੰਘ ਆਪਣਾ ਮੋਟਰਸਾਈਕਲ ਨੰਬਰ ਪੀ ਬੀ 07 ਆਰ 2633 ਛੱਡ ਕੇ ਜੰਗਲ ਦੇ ਰਸਤੇ ਫ਼ਰਾਰ ਹੋ ਗਿਆ।
ਕੀ ਕਹਿੰਦੇ ਹਨ ਰੇਂਜ ਅਫ਼ਸਰ
ਇਸ ਸਬੰਧੀ ਰੇਂਜ ਅਫਸਰ ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰੇ ਸਰੀਰ ਅਤੇ ਮਿਲਿਆ ਸਮਾਨ ਬਰਾਮਦ ਕਰਕੇ ਇੱਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਜਾਨਵਰਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।