Trending Photos
Punjab Cyber Crime: ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਮੁਹਾਲੀ ਵਿੱਚ ਚੱਲ ਰਹੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ ਤੇ ਇਨ੍ਹਾਂ ਕੇਂਦਰਾਂ ਦੇ 155 ਕਰਮਚਾਰੀਆਂ ਨੂੰ ਅਮਰੀਕਾ ਵਿੱਚ ਰਹਿੰਦੇ ਲੋਕਾਂ ਨੂੰ ਧੋਖਾਧੜੀ ਵਾਲੀਆਂ ਕਾਲਾਂ ਕਰਨ ਤੇ ਉਨ੍ਹਾਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਪਹਿਲਾ ਜਾਅਲੀ ਕਾਲ ਸੈਂਟਰ ਐਸਏਐਸ ਨਗਰ ਦੇ ਸੈਕਟਰ 74 ਸਥਿਤ ਪਲਾਟ # ਐਫ 88 ਵਿਖੇ ਸਥਿਤ ਸੀ, ਜਦਕਿ ਦੂਜਾ ਫਰਜ਼ੀ ਕਾਲ ਸੈਂਟਰ ਐਸਏਐਸ ਨਗਰ ਦੇ ਸੈਕਟਰ 74 ਸਥਿਤ ਏ-ਵਨ ਟਾਵਰ ਵਿੱਚ ਸਥਾਪਤ ਕੀਤਾ ਗਿਆ ਸੀ। ਦੋਵੇਂ ਕਾਲ ਸੈਂਟਰ ਗੁਜਰਾਤ ਦੇ ਕਿੰਗਪਿਨ ਵੱਲੋਂ ਚਲਾਏ ਜਾ ਰਹੇ ਸਨ। ਇਹ ਕਾਲ ਸੈਂਟਰ ਅਮਰੀਕਾ ਵਿੱਚ ਠੱਗੀ ਮਾਰਨ ਲਈ ਰਾਤ ਵੇਲੇ ਕੰਮ ਕਰਦਾ ਸੀ। ਇਨ੍ਹਾਂ ਨੂੰ ਠੱਗੀ ਮਾਰਨ ਲਈ ਪੂਰੀ ਸਕ੍ਰਿਪਟ ਲਿਖ ਕੇ ਦਿੱਤੀ ਜਾਂਦੀ ਸੀ। ਸਾਈਬਰ ਕ੍ਰਾਈਮ ਯੂਨਿਟ ਲੰਬੇ ਸਮੇਂ ਤੋਂ ਅਜਿਹੇ ਕਾਲ ਸੈਂਟਰਾਂ 'ਤੇ ਕੰਮ ਕਰ ਰਹੀ ਸੀ ਤਾਂ ਜੋ ਇਨ੍ਹਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਗੁਜਰਾਤ ਅਤੇ ਸਾਰੇ ਕਰਮਚਾਰੀ ਬਾਹਰਲੇ ਰਾਜਾਂ ਨਾਲ ਸਬੰਧਤ ਹਨ।
ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਕਾਲ ਸੈਂਟਰ ਰਾਤ ਸਮੇਂ ਚੱਲ ਰਹੇ ਸਨ ਤੇ ਕਾਲ ਕਰਨ ਵਾਲੇ ਤਿੰਨ ਵੱਖ-ਵੱਖ ਢੰਗਾਂ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਨਾਗਰਿਕਾਂ ਨੂੰ ਟਾਰਗੇਟ, ਐਪਲ, ਐਮਾਜ਼ਾਨ ਆਦਿ ਦੇ ਗਿਫਟ ਕਾਰਡ ਖ਼ਰੀਦਣ ਲਈ ਠੱਗ ਰਹੇ ਸਨ। ਇਹ ਗਿਫਟ ਕਾਰਡ ਇੱਕ ਟੀਮ ਮੈਨੇਜਰ ਦੁਆਰਾ ਸਾਂਝਾ ਕੀਤਾ ਜਾਂਦਾ ਹੈ ਤੇ ਕਿੰਗਪਿਨ/ਮਾਲਕ ਦੁਆਰਾ ਰੀਡੀਮ ਕੀਤਾ ਜਾਂਦਾ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਨੀਰਜਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੋਹਾਲੀ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਬਾਰੇ ਖੁਫੀਆ ਜਾਣਕਾਰੀ ਜੋ ਵਿਦੇਸ਼ਾਂ ਵਿੱਚ ਰਹਿੰਦੇ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਨੂੰ ਇੰਸਪੈਕਟਰ ਗਗਨਪ੍ਰੀਤ ਸਿੰਘ ਅਤੇ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਆਧੁਨਿਕ ਤਕਨੀਕ ਨਾਲ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਐਸਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਦੀ ਅਗਵਾਈ ਹੇਠ ਡੀਐਸਪੀ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਫਰਜ਼ੀ ਕਾਲ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਅਤੇ ਕੰਮ ਕਰ ਰਹੇ ਸਾਰੇ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 79 ਡੈਸਕਟਾਪ ਕੰਪਿਊਟਰ ਯੂਨਿਟ, 204 ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਸਹਾਇਕ ਉਪਕਰਣਾਂ ਤੋਂ ਇਲਾਵਾ ਗਾਹਕਾਂ ਨਾਲ ਗੱਲ ਕਰਨ ਦੀ ਸਿਖਲਾਈ ਲਈ ਸਕ੍ਰਿਪਟਾਂ ਵੀ ਬਰਾਮਦ ਕੀਤੀਆਂ ਹਨ। ਏਡੀਜੀਪੀ ਵੀ ਨੀਰਜਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕੁੱਲ 155 ਵਿੱਚੋਂ 18 ਮੁਲਾਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ, ਜਦਕਿ ਬਾਕੀ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਜੁਡੀਸ਼ੀਅਲ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ। ਉਸਨੇ ਕਿਹਾ ਕਿ ਕੁੱਲ ਧੋਖਾਧੜੀ ਦਾ ਪਤਾ ਲਗਾਉਣ ਲਈ ਅੱਗੇ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : World Hypertension Day: ਚੰਡੀਗੜ੍ਹ 'ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ