ਅੱਜ ਜਿਨ੍ਹਾਂ ਦੀ ਬਦੌਲਤ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਖੁੱਲੀ ਫਿਜ਼ਾ ’ਚ ਸਾਹ ਲੈ ਸਕਦੇ ਹਾਂ। ਉਨ੍ਹਾਂ ਸ਼ਹੀਦਾਂ ’ਚੋਂ ਇੱਕ ਸਨ ਸੁਖਦੇਵ।
Trending Photos
ਚੰਡੀਗੜ੍ਹ: ਅਸੀਂ ਅੱਜ ਜਿਨ੍ਹਾਂ ਦੀ ਬਦੌਲਤ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਖੁੱਲੀ ਫਿਜ਼ਾ ’ਚ ਸਾਹ ਲੈ ਸਕਦੇ ਹਾਂ। ਉਨ੍ਹਾਂ ਸ਼ਹੀਦਾਂ ’ਚੋਂ ਇੱਕ ਸਨ ਸੁਖਦੇਵ।
ਸੁਖਦੇਵ ਦਾ ਜਨਮ 15 ਮਈ, 1907 ਈ: ਨੂੰ ਲੁਧਿਆਣਾ ਸ਼ਹਿਰ ’ਚ ਹੋਇਆ ਸੀ। ਸੁਖਦੇਵ ਦੀ ਕੁਰਬਾਨੀ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਪਰ ਉਸਦੀ ਨਿੱਜੀ ਜੀਵਨ ਤੇ ਆਦਤਾਂ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ। ਸੁਖਦੇਵ ਬਚਪਨ ਤੋਂ ਹੀ ਨਿਡਰ ਤੇ ਬਹਾਦੁਰ ਸੀ। ਉਸਦੀ ਬਾਂਹ ’ਤੇ ਉਸਦਾ ਨਾਮ ਤੇ 'ਓਮ' ਲਿਖਿਆ ਹੋਇਆ ਸੀ। ਉਸਨੇ ਇਹ ਅੱਖ਼ਰ ਮਿਟਾਉਣ ਲਈ ਆਪਣੀ ਬਾਂਹ ’ਤੇ ਤੇਜ਼ਾਬ ਪਾ ਦਿੱਤਾ। ਜਿਹੜੇ ਥੋੜ੍ਹੇ ਜਿਹੇ ਅੱਖ਼ਰ ਬਚੇ ਉਨ੍ਹਾਂ ਨੂੰ ਮੋਮਬੱਤੀ ਨਾਲ ਜਲਾ ਦਿੱਤਾ। ਦਰਦ ਸਹਿਣ ਕਰਨ ਦੀ ਉਸ ’ਚ ਅਥਾਹ ਸਕਤੀ ਸੀ।
ਜੇਲ੍ਹ ’ਚ ਕੁੱਟਮਾਰ ਕਰਨ ਵੇਲੇ ਪੁਲਿਸ ਵਾਲੇ ਦੇ ਪੈਰ ਉੱਖੜ ਜਾਂਦੇ, ਪਰ ਤਸ਼ਦੱਦ ਚੁੱਪਚਾਪ ਸਹਿਣ ਕਰਦਾ ਰਹਿੰਦਾ। ਇੱਥੇ ਇਹ ਦੱਸਣਾ ਦਿਲਚਸਪ ਹੋਵੇਗਾ ਕਿ ਜਿਸ ਦਿਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦਾ ਐਲਾਨ ਹੋਇਆ ਸੀ, ਤਿੰਨੋ ਜਣੇ ਘਬਰਾਉਣ ਦੀ ਬਜਾਏ ਖੁਸ਼ ਸਨ। ਸੁਖਦੇਵ ਨੇ ਹੀ ਭਗਤ ਸਿੰਘ ਨੂੰ ਅਸੈਂਬਲੀ ਹਾਲ ’ਚ ਬੰਬ ਸੁੱਟਣ ਲਈ ਰਾਜ਼ੀ ਕੀਤਾ ਸੀ। ਭਗਤ ਸਿੰਘ ਤੋਂ ਪਹਿਲਾਂ ਬਟੁਕੇਸ਼ਵਰ ਦੱਤ ਨਾਮ ਦੇ ਕਿਸੇ ਦੂਸਰੇ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਸੁਖਦੇਵ ਨੇ ਭਗਤ ਸਿੰਘ ਨੂੰ ਬੰਬ ਸੁੱਟਣ ਲਈ ਰਾਜੀ ਕਰ ਲਿਆ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਯੋਜਨਾ ਬਣਾਈ ਗਈ ਤਾਂ ਅੰਗਰੇਜ ਅਫ਼ਸਰ ਸਾਂਡਰਸ ਦੀ ਹੱਤਿਆ ਕਰਨ ’ਚ ਭਗਤ ਸਿੰਘ ਤੇ ਰਾਜਗੁਰੂ ਨੇ ਅਹਿਮ ਰੋਲ ਅਦਾ ਕੀਤਾ। ਜਾਣਕਾਰੀ ਮੁਤਾਬਕ ਬਾਕੀ ਸਾਥੀਆਂ ਦੇ ਵਿਰੋਧ ਦੇ ਬਾਵਜੂਦ ਭਗਤ ਸਿੰਘ ਨੂੰ ਅਸੈਂਬਲੀ ’ਚ ਬੰਬ ਸੁੱਟਣ ਤੋਂ ਬਾਅਦ ਉੱਥੇ ਹੀ ਖੜ੍ਹੇ ਰਹਿਣ ਅਤੇ ਪੁਲਿਸ ਨੂੰ ਗਲਤ ਤੱਥਹੀਣ ਬਿਆਨ ਦੇਣ ਪਿੱਛੇ ਉਸਦਾ ਹੀ ਸਾਹਸ ਸੀ।
ਇਹ ਵੀ ਸਾਹਮਣੇ ਆਉਂਦਾ ਹੈ ਕਿ ਉਨ੍ਹਾਂ ਦਾ ਮਕਸਦ ਬੰਬ ਦੇ ਧਮਾਕੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ। ਬਲਕਿ ਉਹ ਅੰਗਰੇਜੀ ਹਕੂਮਤ ਨੂੰ ਜਗਾਉਣਾ ਚਾਹੁੰਦੇ ਸਨ। ਇਸ ਲਈ ਉਹ ਧਮਾਕਾ ਕਰਨ ਤੋਂ ਬਾਅਦ ਅਸੈਂਬਲੀ ਹਾਲ ’ਚੋਂ ਭੱਜੇ ਨਹੀਂ। ਬੰਬ ਸੁੱਟਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ। ਬੰਬ ਧਮਾਕੇ ਤੋਂ ਬਾਅਦ ਕ੍ਰਾਂਤੀਕਾਰੀ ਉੱਥੇ ਹੀ ਖੜ੍ਹੇ ਰਹੇ ਤੇ ਸਦਨ ’ਚ ਪਰਚੇ ਸੁੱਟਣੇ ਸ਼ੁਰੂ ਕਰ ਦਿੱਤੇ। ਪਰਚਿਆਂ ’ਤੇ ਲਿਖਿਆ ਗਿਆ ਸੀ, " ਬੌਲ਼ਿਆ ਦੀ ਕੰਨਾਂ ’ਚ ਸੁਣਾਉਣ ਲਈ ਧਮਾਕਿਆਂ ਦੀ ਜ਼ਰੂਰਤ ਹੈ।" ਇਸ ਘਟਨਾ ਮੌਕੇ ਦੋਹਾਂ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਭਾਵੇਂ ਕਿ ਸੁਖਦੇਵ ਖ਼ਿਲਾਫ਼ ਅੰਗਰੇਜ ਹਕੂਮਤ ਕੋਲ ਕਿਸੇ ਵੀ ਵਾਰਦਾਤ ’ਚ ਸਿੱਧੀ ਸ਼ਮੂਲੀਅਤ ਹੋਣ ਤਾਂ ਕੋਈ ਪ੍ਰਮਾਣ ਨਹੀਂ ਸੀ। ਪਰ ਅੰਗਰੇਜਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਆਜਾਦੀ ਦੀ ਲਹਿਰ ਦੇ ਪਿੱਛੇ ਸੁਖਦੇਵ ਦਾ ਦਿਮਾਗ ਕਰ ਰਿਹਾ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ ਅਫ਼ਸਰ ਸਾਂਡਰਸ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ। ਜਿਸਦੇ ਚੱਲਦਿਆ 7 ਅਕਤੂਬਰ, 1930 ਨੂੰ ਅੰਗਰੇਜ ਹਕੂਮਤ ਨੇ ਤਿੰਨਾਂ ਨੂੰ ਫਾਂਸੀ ਦਾ ਹੁਕਮ ਸੁਣਾਇਆ ।
ਦੇਸ਼ ਦੀ ਅਜ਼ਾਦੀ ਲਈ ਹੱਸਦੇ-ਹੱਸਦੇ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ’ਚ ਰੱਖਿਆ ਗਿਆ ਸੀ। ਇਤਿਹਾਸਕਾਰ ਦੱਸਦੇ ਹਨ ਕਿ ਤਿੰਨਾਂ ਨੂੰ ਫਾਂਸੀ ਦੇਣ ਲਈ 24 ਮਾਰਚ, 1931 ਦਾ ਦਿਨ ਮੁਕਰਰ ਕੀਤਾ ਗਿਆ ਸੀ, ਪਰ ਅਗੰਰੇਜਾ ਨੂੰ ਡਰ ਸੀ ਕਿ ਫਾਂਸੀ ਵਾਲੇ ਦਿਨ ਲੋਕ ਵਿਦਰੋਹ ਨਾ ਕਰ ਦੇਣ। ਇਸ ਲਈ ਫਾਂਸੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ 23 ਮਾਰਚ, 1931 ਨੂੰ ਦੇਸ਼ ਦੇ ਮਹਾਨ ਸਪੂਤਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ।
ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸਪੂਤਾਂ ਦੀ ਕੁਰਬਾਨੀ ਨੂੰ ਅੱਜ ਦੀਆਂ ਸਰਕਾਰਾਂ ਭੁੱਲਦੀਆਂ ਜਾ ਰਹੀਆਂ ਹਨ। ਲੁਧਿਆਣਾ ’ਚ ਸਥਿਤ ਸੁਖਦੇਵ ਦਾ ਜੱਦੀ ਘਰ ਕਾਫ਼ੀ ਖ਼ਸਤਾ ਹਾਲਤ ’ਚ ਦੱਸਿਆ ਜਾਂਦਾ ਹੈ। ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਅਤੇ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ ਕਿ ਸਰਕਾਰ ਵਲੋਂ ਜਾਰੀ ਕੀਤੀ ਗਈ ਗ੍ਰਾਂਟ ਦਾ ਇੱਕ ਵੀ ਰੁਪਇਆ ਖ਼ਸਤਾ ਹੋ ਰਹੀ ਇਮਾਰਤ ’ਤੇ ਨਹੀਂ ਲਗਾਇਆ ਗਿਆ।