Amritsar News: ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਮੁਤਾਬਿਕ ਦੋਸ਼ੀਆਂ ਵਲੋਂ ਵੋਟਾਂ ਦੀ ਰੰਜਸ਼ ਰੱਖੀ ਜਾ ਰਹੀ ਸੀ, ਕਿਉਂਕਿ ਉਨ੍ਹਾਂ ਨੇ ਸਰਪੰਚੀ ਵਿਚ ਦੂਸਰੀ ਧਿਰ ਦੀ ਮਦਦ ਕੀਤੀ ਸੀ।
Trending Photos
Amritsar News: ਐਲੀਮੈਂਟਰੀ ਟੀਚਰ ਯੂਨੀਅਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਵਲੋਂ ਬੀਤੀ ਰਾਤ ਗੋਲੀ ਮਾਰ ਕੇ ਇਕ ਨੌਜਵਾਨ ਗੁਰਮੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਸਾਬਕਾ ਸਰਪੰਚ, ਪਿੰਡ ਬੋਪਾਰਾਏ ਕਲਾਂ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਅਮਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9:30 ਵਜੇ ਮੇਰਾ ਵੱਡਾ ਭਰਾ ਗੁਰਮੀਤ ਸਿੰਘ ਬਾਹਰ ਗਲੀ ਵਿਚ ਗਿਆ ਸੀ, ਥੋੜ੍ਹੀ ਦੇਰ ਬਾਅਦ ਉਨ੍ਹਾਂ ਗਲੀ ਵਿਚ ਰੌਲੇ ਦੀ ਆਵਾਜ਼ ਸੁਣੀ।
ਅਮਨਦੀਪ ਸਿੰਘ ਨੇ ਆਪਣੇ ਘਰੋਂ ਬਾਹਰ ਜਾ ਕੇ ਵੇਖਿਆ ਤਾਂ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦੇ ਘਰ ਦੇ ਸਾਹਮਣੇ ਰੌਲਾ ਪੈ ਰਿਹਾ ਸੀ। ਉਹ ਜਦੋਂ ਕੋਲ ਗਿਆ ਤਾਂ ਉਸਨੇ ਦੇਖਿਆ ਕਿ ਸਤਬੀਰ ਸਿੰਘ ਬੋਪਾਰਾਏ ਪੁੱਤਰ ਦਵਿੰਦਰ ਸਿੰਘ ਦੇ ਹੱਥ ਵਿਚ 12 ਬੋਰ ਦੀ ਰਾਇਫਲ ਸੀ, ਜਦੋਂ ਕਿ ਕੁਲਵੰਤ ਸਿੰਘ ਪੁੱਤਰ ਦਰਸ਼ਨ ਸਿੰਘ, ਤਨਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਸਿਮਰਨਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਦੇ ਹੱਥਾਂ ਵਿਚ ਡਾਂਗਾਂ ਸਨ ਅਤੇ ਉਹ ਉਸ ਦੇ ਭਰਾ ਗੁਰਮੀਤ ਸਿੰਘ ਨਾਲ ਗਾਲੀ ਗਲੋਚ ਕਰ ਰਹੇ ਸਨ।
ਉਸ ਨੇ ਕਿਹਾ ਕਿ ਉਸ ਦੇ ਸਾਹਮਣੇ ਹੀ ਸਤਬੀਰ ਸਿੰਘ ਨੇ 12 ਬੋਰ ਦੀ ਰਾਇਫਲ ਨਾਲ ਉਸ ਦੇ ਭਰਾ ਗੁਰਮੀਤ ਸਿੰਘ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਕਤ ਵਿਅਕਤੀਆਂ ਨੇ ਮੇਰੇ ’ਤੇ ਵੀ ਡਾਂਗਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਸਨੇ ਰੌਲਾ ਪਾਇਆ ਤਾਂ ਦੋਸ਼ੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਕਿਹਾ ਕਿ ਦੋਸ਼ੀਆਂ ਵਲੋਂ ਵੋਟਾਂ ਦੀ ਰੰਜਸ਼ ਰੱਖੀ ਜਾ ਰਹੀ ਸੀ, ਕਿਉਂਕਿ ਉਨ੍ਹਾਂ ਨੇ ਸਰਪੰਚੀ ਵਿਚ ਦੂਸਰੀ ਧਿਰ ਦੀ ਮਦਦ ਕੀਤੀ ਸੀ। ਪੁਲਿਸ ਥਾਣਾ ਲੋਪੋਕੇ ਨੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਚਾਰਾਂ ਦੋਸ਼ੀਆਂ ਦੇ ਖਿਲਾਫ਼ ਧਾਰਾ 103,115 (2),118 (1), 191(3 ),190,25, 27 ਅਧੀਨ ਮੁਕਦਮਾ ਦਰਜ ਕਰ ਲਿਆ ਹੈ।