Operation Blue Star: ਤਖ਼ਤ ਸ੍ਰੀ ਦਮਦਮਾ ਸਾਹਿਬਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਨੂੰ ਭਾਵੇਂ 40 ਸਾਲ ਹੋ ਜਾਣ ਜਾਂ 400 ਸਾਲ, ਇਸ ਦੇ ਜ਼ਖਮ ਸਿੱਖਾਂ ਦੇ ਦਿਲਾਂ ਵਿਚ ਹਮੇਸ਼ਾ ਹੀ ਰਹਿਣਗੇ।
Trending Photos
Operation Blue Star: ਦੁਨੀਆ ਭਰ 'ਚ ਸਿੱਖ ਕੌਮ ਵੱਲੋਂ ਜੂਨ 1984 ਦੇ ਘੱਲੂਘਾਰਾ ਦਿਵਸ ਨੂੰ ਲੈ ਕੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 'ਅਖੰਡ ਪਾਠ' ਦੇ ਭੋਗ ਪਾਏ ਜਾਣਗੇ। ਪਿਛਲੇ ਦੋ ਦਿਨਾਂ ਤੋਂ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਪੰਜ ਸਿੰਘ ਸਾਹਿਬਾਨ ਨੇ ਹੁਕਮ ਜਾਰੀ ਕੀਤਾ ਹੈ ਕਿ 4 ਤੋਂ 6 ਜੂਨ ਨੂੰ ਸਾਰੇ ਸਿੱਖ ਕਾਲੀਆਂ ਦਸਤਾਰਾਂ ਪਹਿਨਣ ਅਤੇ ਸਿੱਖ ਬੀਬੀਆਂ ਕਾਲੇ ਦੁਪੱਟੇ ਪਾ ਕੇ ਸਾਕਾ ਨੀਲਾ ਤਾਰਾ (Operation Blue Star 40th Anniversary) ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ।
ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੌਮ ਦੇ ਨਾਮ ਸੰਦੇਸ਼ ਵੀ ਦੇਣਗੇ। ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰ ਮੰਡ ਦੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੋਵਾਂ ਜਥੇਦਾਰਾਂ ਦੇ ਆਹਮੋ-ਸਾਹਮਣੇ ਹੋਣ ਤੋਂ ਬਾਅਦ ਮਾਹੌਲ ਗਰਮ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਪੁਲੀਸ ਨੇ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ।
ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਮੌਕੇ ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ। ਅੱਜ ਵੀਰਵਾਰ ਸਵੇਰੇ ਸ਼ਹਿਰ ਅਤੇ ਬਾਜ਼ਾਰ ਬੰਦ ਰਹਿਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਪੰਜਾਬ ਪੁਲੀਸ ਦੇ ਨਾਲ-ਨਾਲ ਸ਼ਹਿਰ ਵਿੱਚ ਵਿਸ਼ੇਸ਼ ਬਲ ਵੀ ਤਾਇਨਾਤ ਕੀਤੇ ਗਏ ਹਨ। ਸਵੇਰੇ 9.30 ਵਜੇ ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਮਾਰਚ ਕੱਢਿਆ ਜਾਵੇਗਾ। ਦਲ ਖਾਲਸਾ ਨੇ ਅੱਜ ਸ਼ਾਂਤਮਈ ਬੰਦ ਦਾ ਸੱਦਾ ਦਿੱਤਾ ਹੈ।