Giani Ranjit Singh Gauhar News: ਇਸ ਵਿੱਚ ਉਨ੍ਹਾਂ ਨੇ ਇਹ ਵੀ ਦ੍ਰਿੜਤਾ ਨਾਲ ਜ਼ਿਕਰ ਕੀਤਾ ਕਿ ਸਿੰਘ ਸਾਹਿਬਾਨਾਂ ਨੂੰ ਆਪਣੀ ਮੀਟਿੰਗ ਦੌਰਾਨ ਉਹ ਮੁੱਦੇ ਨਹੀਂ ਵਿਚਾਰਨੇ ਚਾਹੀਦੇ ਜਿਨ੍ਹਾਂ ਦਾ ਸੰਬੰਧ ਕਾਨੂੰਨੀ ਸੰਵਿਧਾਨਕ ਪ੍ਰਕਿਰਿਆ ਨਾਲ ਜੁੜਿਆ ਹੋਵੇ ਅਤੇ ਇਸ ਸਬੰਧ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਹੋਏ ਲਿਖਤੀ ਆਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਸੀ।
Trending Photos
Giani Ranjit Singh Gauhar News(ਭਰਤ ਸ਼ਰਮਾ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਪੱਤਰ ਲਿਖ ਕੇ ਦਿੱਤੇ ਹੋਏ ਬਿਆਨ ਨੂੰ ਵਾਪਸ ਲੈਣ ਲਈ ਬੇਨਤੀ ਕੀਤੀ ਹੈ।
ਗਿਆਨੀ ਗੌਹਰ ਨੇ ਜਥੇਦਾਰ ਨੂੰ ਲਿਖਿਆ ਕਿ ਆਪ ਸਮੁੱਚੀ ਸਿੱਖ ਕੰਮ ਦੇ ਰਹਿਨੁਮਾ ਹੈ, ਅਜਿਹੇ ਉੱਚ ਅਹੁਦੇ 'ਤੇ ਬੈਠ ਕੇ ਆਪ ਵੱਲੋਂ ਦਿੱਤਾ ਕੋਈ ਵੀ ਬਿਆਨ ਚਾਹੇ ਉਹ ਤੁਹਾਡੇ ਵੱਲੋਂ ਸੋਸ਼ਲ ਮੀਡੀਆ 'ਤੇ ਹੀ ਪਾਇਆ ਗਿਆ ਹੋਵੇ, ਉਹ ਤੁਹਾਡਾ ਨਿੱਜੀ ਬਿਆਨ ਨਹੀਂ ਹੋ ਸਕਦਾ। ਬਹੁਤ ਮਾਯੂਸੀ ਅਤੇ ਭਰੇ ਮਨ ਨਾਲ ਲਿਖ ਰਿਹਾਂ ਕਿ ਆਪ ਵੱਲੋਂ ਮੀਡੀਆ ਵਿੱਚ ਦਿੱਤਾ ਬਿਆਨ ਕਿ "ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲਾ ਹੁਕਮ ਉਸੇ ਚਾਰ ਦੀਵਾਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਤੇ ਉੱਥੇ ਹੀ ਖਤਮ ਹੋ ਜਾਂਦਾ ਹੈ" ਸਬੰਧੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਨਿਮਨ ਸਤਰ 'ਤੇ ਲਿਆਉਣ ਵਾਲਾ ਹੈ।
ਬੇਨਤੀ ਹੈ ਕਿ ਇਸ ਬਿਆਨ 'ਚੋਂ ਕਿਸੇ ਪੰਥ ਵਿਰੋਧੀ ਸਾਜ਼ਿਸ਼ ਦੀ ਮਹਿਕ ਆ ਰਹੀ ਹੈ। ਆਪ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਬਿਨਾਂ ਦੇਰੀ ਤੋਂ ਇਸ ਬਿਆਨ ਨੂੰ ਵਾਪਸ ਲਵੋ , ਤਾਂ ਜੋ ਸਿੱਖ ਕੌਮ ਜੋ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਅੰਦਰੂਨੀ ਅਤੇ ਬਾਹਰੀ ਤਾਕਤਾਂ ਦਾ ਸ਼ਿਕਾਰ ਹੋ ਰਹੀ ਹੈ, ਹੋਰ ਕਿਸੇ ਦੁਬਿਧਾ ਵੱਲ ਨਾ ਧੱਕਿਆ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹਰ ਹੁਕਮ ਹਮੇਸ਼ਾ ਤੋਂ ਵਿਸ਼ਵਵਿਆਪੀ ਰਿਹਾ ਹੈ ਅਤੇ ਆਉਣ ਵਾਲੇ ਜੁਗਾਂ ਤੱਕ ਰਹੇਗਾ । ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖਤ ਤੋਂ ਹੋਇਆ ਕੋਈ ਵੀ ਹੁਕਮ ਦੁਨੀਆ ਭਰ ਦੇ ਹਰੇਕ ਸਿੱਖ ਲਈ ਮੰਨਣਾ ਫਖ਼ਰ ਵਾਲੀ ਗੱਲ ਹੁੰਦੀ ਹੈ। ਆਪ ਦੇ ਬਿਆਨ ਉਪਰੰਤ ਦਾਸ ਨੇ ਕੱਲ੍ਹ ਦੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਪ੍ਰੈਸ ਬਿਆਨ ਅਤੇ ਮਤਾ ਪੱਤਰ ਨੂੰ ਬੜੀ ਗਹਿਰਾਈ ਨਾਲ ਫਿਰ ਪੜ੍ਹਿਆ ਅਤੇ ਵਿਚਾਰਿਆ ਹੈ, ਉਸ ਵਿੱਚ ਉਨ੍ਹਾਂ ਨੇ ਸਿੱਖ ਗੁਰਦੁਆਰਾ ਐਕਟ 1925 ਦਾ ਹਵਾਲਾ ਦਿੰਦਿਆਂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੀ ਸੰਵਿਧਾਨਕ ਗੱਲ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕੀਤੀ ਅਤੇ ਨਾਲ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੇਵਾ ਕਾਰਜਾਂ ਦਾ ਜ਼ਿਕਰ ਕੀਤਾ ਹੈ।
ਇਸ ਵਿੱਚ ਉਨ੍ਹਾਂ ਨੇ ਇਹ ਵੀ ਦ੍ਰਿੜਤਾ ਨਾਲ ਜ਼ਿਕਰ ਕੀਤਾ ਕਿ ਸਿੰਘ ਸਾਹਿਬਾਨਾਂ ਨੂੰ ਆਪਣੀ ਮੀਟਿੰਗ ਦੌਰਾਨ ਉਹ ਮੁੱਦੇ ਨਹੀਂ ਵਿਚਾਰਨੇ ਚਾਹੀਦੇ ਜਿਨ੍ਹਾਂ ਦਾ ਸੰਬੰਧ ਕਾਨੂੰਨੀ ਸੰਵਿਧਾਨਕ ਪ੍ਰਕਿਰਿਆ ਨਾਲ ਜੁੜਿਆ ਹੋਵੇ ਅਤੇ ਇਸ ਸਬੰਧ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਹੋਏ ਲਿਖਤੀ ਆਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਸੀ।
ਇਸ ਵਿਚ ਕਿਸੇ ਵੀ ਤਰ੍ਹਾਂ ਸਿੰਘ ਸਾਹਿਬਾਨ ਵੱਲੋਂ ਹੁੰਦੇ ਧਾਰਮਿਕ ਜਾਂ ਸਮਾਜਿਕ ਹੁਕਮਨਾਮਿਆਂ ਸਬੰਧੀ ਕੋਈ ਜ਼ਿਕਰ ਨਹੀਂ ਹੈ। ਤੁਹਾਡੇ ਬਿਆਨ ਨਾਲ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਅ ਲੱਗ ਰਹੀ ਹੈ ਅਤੇ ਨਾਲ ਹੀ ਸਾਡੀਆਂ ਸਿਰਮੌਰ ਸੰਸਥਾਵਾਂ ਦੇ ਵਿੱਚ ਆਪਸੀ ਟਕਰਾਅ ਦਾ ਵੱਡਾ ਖਦਸ਼ਾ ਪੈਦਾ ਹੋ ਰਿਹਾ ਹੈ, ਜੋ ਕਿ ਆਪ ਵਰਗੀ ਉੱਚ ਅਹੁਦੇ 'ਤੇ ਬੈਠੀ ਸ਼ਖ਼ਸੀਅਤ ਤੋਂ ਕਦੇ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਇੱਥੇ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਾਸ ਲਈ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਹੁੰਦਿਆ ਆਪ ਨੇ ਮੇਰੇ 'ਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਕਰਕੇ ਪਾਬੰਦੀਆਂ ਲਗਾਈਆਂ ਸਨ। ਭਾਵੇਂ ਮੈਂ ਉਸ ਕੇਸ ਵਿੱਚ ਪੂਰਨ ਤੌਰ 'ਤੇ ਨਿਰਦੇਸ਼ ਪਾਇਆ ਗਿਆ ਹਾਂ, ਰਿਪੋਰਟਾਂ ਸਾਹਮਣੇ ਆਉਣ 'ਤੇ ਮੈਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਦੇ ਸਨਮੁਖ ਕਰ ਚੁੱਕਾ ਹਾਂ। ਪਰ ਫਿਰ ਵੀ ਅੱਜ ਤੱਕ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰ ਰਿਹਾ ਹਾਂ। ਸੋ ਆਪ ਕਿਰਪਾ ਕਰਕੇ ਇਸ ਤੰਜ ਅਤੇ ਪੰਥ ਵਿਰੋਧੀ ਜਾਪਦੇ ਏਜੰਡੇ ਵਾਲੇ ਬਿਆਨ ਨੂੰ ਤੁਰੰਤ ਵਾਪਸ ਲਵੋ, ਤਾਂ ਜੋ ਗੁਰੂ ਸਾਹਿਬ ਵੱਲੋਂ ਸਾਜੇ ਤਖ਼ਤ ਦੀ ਮਾਣ ਮਰਿਆਦਾ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ 'ਤੇ ਕੋਈ ਉਂਗਲ ਚੁੱਕਣ ਦੀ ਹਿੰਮਤ ਨਾ ਕਰ ਸਕੇ ।