Nabha News: ਪੰਜਾਬ ਵਿੱਚ ਕਣਕ ਦਾ ਸੰਕਟ, ਜ਼ਿਆਦਾਤਰ ਆਟਾ ਮਿੱਲਾਂ ਹੋਈਆਂ ਬੰਦ!
Advertisement
Article Detail0/zeephh/zeephh2596020

Nabha News: ਪੰਜਾਬ ਵਿੱਚ ਕਣਕ ਦਾ ਸੰਕਟ, ਜ਼ਿਆਦਾਤਰ ਆਟਾ ਮਿੱਲਾਂ ਹੋਈਆਂ ਬੰਦ!

Nabha News: ਆਟਾ ਚੱਕੀ ਮਾਲਕਾਂ ਮਨਜਿੰਦਰ ਸਿੰਘ ਤੇ ਰਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।

Nabha News: ਪੰਜਾਬ ਵਿੱਚ ਕਣਕ ਦਾ ਸੰਕਟ, ਜ਼ਿਆਦਾਤਰ ਆਟਾ ਮਿੱਲਾਂ ਹੋਈਆਂ ਬੰਦ!

Nabha News(ਧਰਮਿੰਦਰ ਸਿੰਘ): ਇਨ੍ਹੀਂ ਦਿਨੀਂ ਪੰਜਾਬ ਅੰਦਰ ਕਣਕ ਦਾ ਸੰਕਟ ਪੈਦਾ ਹੋਇਆ ਹੈ।  ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ।  ਇਸ ਕਾਰਨ ਆਟੇ ਦੀ ਕੀਮਤ ਵੀ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸਨੂੰ ਲੈਕੇ ਜ਼ੀ-ਮੀਡੀਆ ਦੀ ਟੀਮ ਵੱਲੋਂ ਗਰਾਉਂਡ ਜ਼ੀਰੋ ਤੋਂ ਰਿਅਲਟੀ ਚੈੱਕ ਕੀਤੀ ਗਈ।

ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਆਉਣ ਤੋਂ ਬਹੁਤ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਆ ਗਈ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਐਫਸੀਆਈ ਦੁਆਰਾ ਰਾਜਾਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਇਸ ਵਾਰ ਟੈਂਡਰ ਉਪਲਬਧ ਨਾ ਹੋਣ ਕਾਰਨ ਦੇਰੀ ਹੋਈ ਹੈ। ਸਟਾਕ ਮਿੱਲਾਂ ਅੰਦਰ ਨਹੀਂ ਹੈ। ਪੰਜਾਬ ਵਿੱਚ ਆਟੇ ਦੀ ਵੀ ਘਾਟ ਹੈ। ਜ਼ਿਆਦਾਤਰ ਆਟਾ ਮਿੱਲਾਂ ਵਿੱਚ ਕੰਮ ਠੱਪ ਹੋ ਗਿਆ ਹੈ। ਮਿੱਲ ਮਾਲਕਾਂ ਕੋਲ ਕਣਕ ਦਾ ਸਟਾਕ ਨਹੀਂ ਹੈ। ਦਰਅਸਲ, ਭਾਰਤੀ ਖੁਰਾਕ ਨਿਗਮ (FCI) ਰਾਹੀਂ ਮਿੱਲਾਂ ਤੱਕ ਪਹੁੰਚਣ ਵਾਲੀ ਸਸਤੀ ਕਣਕ ਦੀ ਸਪਲਾਈ ਰੁਕ ਗਈ ਹੈ।ਕੱਲ੍ਹ ਲਗਾਏ ਗਏ ਟੈਂਡਰਾਂ ਵਿੱਚ ਰੇਟ 3200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਜਦੋਂ ਕਿ ਕਣਕ ਦਾ ਸਰਕਾਰੀ ਰੇਟ 2325 ਰੁਪਏ ਪ੍ਰਤੀ ਕੁਇੰਟਲ ਹੈ।

ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ, ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਭਗ 262 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ। ਲਗਭਗ 123 ਲੱਖ ਮੀਟ੍ਰਿਕ ਟਨ ਕਣਕ, ਜੋ ਕਿ ਲਗਭਗ 45 ਪ੍ਰਤੀਸ਼ਤ ਬਣਦੀ ਹੈ, ਇਕੱਲੇ ਪੰਜਾਬ ਤੋਂ ਖਰੀਦੀ ਗਈ। ਪੰਜਾਬ ਦੀਆਂ ਆਟਾ ਮਿੱਲਾਂ ਕੋਲ ਸਿਰਫ਼ 6 ਮਹੀਨਿਆਂ ਦਾ ਸਟਾਕ ਹੁੰਦਾ ਹੈ। ਸਟਾਕ ਰੋਜ਼ਾਨਾ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ। ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ। ਪਰ ਤਿੰਨ ਮਹੀਨੇ ਪਹਿਲਾਂ ਸਟਾਕ ਖਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਕੁਝ ਦਿਨ ਪਹਿਲਾਂ ਸਾਨੂੰ ਹਰਿਆਣਾ ਅਤੇ ਰਾਜਸਥਾਨ ਤੋਂ ਕਣਕ ਮਿਲੀ ਸੀ, ਹੁਣ ਉੱਥੇ ਵੀ ਕੋਈ ਸਟਾਕ ਨਹੀਂ ਹੈ। ਜੇਕਰ ਕੇਂਦਰ ਸਰਕਾਰ ਜਲਦੀ ਸਮੱਸਿਆ ਹੱਲ ਨਹੀਂ ਕਰਦੀ ਤਾਂ ਆਟੇ ਦੀ ਕੀਮਤ ਕਾਫ਼ੀ ਵੱਧ ਜਾਵੇਗੀ।

ਉੱਥੇ ਹੀ ਆਟਾ ਚੱਕੀ ਮਾਲਕਾਂ ਮਨਜਿੰਦਰ ਸਿੰਘ ਤੇ ਰਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਪ੍ਰਚੂਨ ਬਾਜ਼ਾਰ ਵਿੱਚ ਮੈਦੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਸਕਦੀ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ। ਜੇਕਰ ਆਟੇ ਦੀਆਂ ਕੀਮਤਾਂ ਨੂੰ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਇੰਨੀ ਤੇਜ਼ੀ ਕਦੇ ਨਹੀਂ ਦੇਖੀ ਗਈ।

ਇਸਦੇ ਨਾਲ ਹੀ ਆਮ ਆਦਮੀ ਦਾ ਬਜਟ ਵੀ ਬਿਗੜ ਗਿਆ ਹੈ। ਸੰਤੋਖ ਸਿੰਘ ਨੇ ਕਿਹਾ ਕਿ ਪਹਿਲਾਂ 290 ਰੁਪਏ ਦੀ ਥੈਲੀ ਖਰੀਦੀ ਜਾਂਦੀ ਸੀ ਜੋਕਿ ਹੁਣ 400 ਰੁਪਏ ਹੋ ਗਈ ਹੈ। ਦਿਹਾੜੀ ਕਰਨ ਲਈ ਬੜਾ ਮੁਸ਼ਕਲ ਹੈ। ਸਰਕਾਰ ਨੂੰ ਜਮ੍ਹਾਂਖੋਰੀ ਉਪਰ ਲਗਾਮ ਕਸਣੀ ਚਾਹੀਦੀ ਹੈ।

ਇਸ ਸਬੰਧੀ ਜਦੋਂ ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿੱਥੋਂ ਤੱਕ ਕਣਕ ਦੀ ਘਾਟ ਦਾ ਮਸਲਾ ਉਹ ਖੁਰਾਕ ਸਪਲਾਈ ਵਿਭਾਗ ਮੰਤਰੀ ਲਾਲ ਚੰਦ ਕਟਾਰੂਚੱਕ ਦੱਸ ਸਕਦੇ ਹਨ ਬਾਕੀ ਫਲੋਰ ਮਿੱਲ ਇੰਡਸਟਰੀ ਸਬੰਧੀ ਕਿਸੇ ਮਿੱਲ ਮਾਲਕ ਜਾਂ ਐਸੋਸੀਏਸ਼ਨ ਨੇ ਉਹਨਾਂ ਨਾਲ ਹਾਲੇ ਤੱਕ ਕੋਈ ਗੱਲਬਾਤ ਨਹੀਂ ਕੀਤੀ। 

Trending news