SGPC Vs Punjab Goverment: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਲਕੇ ਬੁਲਾਏ ਗਏ ਵਿਸ਼ੇਸ਼ ਇਜਲਾਸ ਦੌਰਾਨ ਵੱਡੇ ਫ਼ੈਸਲੇ ਲਏ ਜਾਣਗੇ।
Trending Photos
SGPC Vs Punjab Goverment: ਸਿੱਖ ਗੁਰਦੁਆਰਾ ਕਾਨੂੰਨ 1925 ’ਚ ਸੋਧ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚਾਲੇ ਪਿਛਲੇ ਕੁਝ ਦਿਨਾਂ ਤਣਾਅ ਚੱਲ ਰਿਹਾ ਹੈ। ਇਸੇ ਮੁੱਦੇ ’ਤੇ ਵਿਚਾਰ ਕਰਨ ਲਈ ਭਲਕੇ ਅੰਮ੍ਰਿਤਸਰ ’ਚ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ।
ਐਤਵਾਰ ਨੂੰ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ, ਜੋ ਇਸ ਆਮ ਇਜਲਾਸ ਵਿੱਚ ਜ਼ਰੂਰਤ ਪੈਣ ਉਤੇ ਸਖ਼ਤ ਫ਼ੈਸਲੇ ਲੈਣ ਤੋਂ ਵੀ ਪਿੱਛੇ ਨਹੀਂ ਹਟੇਗੀ। ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਨ। ਇਸ ਸਬੰਧੀ ਜੋ ਵੀ ਕਰਨਾ ਪਿਆ ਸਿੱਖ ਆਗੂਆਂ ਨਾਲ ਵਿਚਾਰ ਕਰ ਕੇ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਹੀ ਕੀਤਾ ਜਾਵੇਗਾ।
ਗਿਆਨੀ ਸੁਲਤਾਨ ਸਿੰਘ ਦੇ ਤਾਜਪੋਸ਼ੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਵਿਧਾਨ ਸਭਾ ਵਿਚ ਸਿੱਖੀ ਸਰੂਪ ਉਤੇ ਕੀਤੀ ਗਈ ਟਿੱਪਣੀ ਲਈ ਸਰਕਾਰ ਨੂੰ ਘੇਰਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੱਲ੍ਹ ਹੋਣ ਵਾਲੇ ਜਰਨਲ ਇਜਲਾਸ ਵਿਚ ਵੱਡੇ ਫੈਸਲੇ ਲਏ ਜਾਣਗੇ।
ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਚਾਹੀਦਾ ਹੈ ਉਥੇ ਹੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤੇ ਇਕ ਕਲੀਅਰ ਮੈਸੇਜ ਦੇਣ ਦੀ ਲੋੜ ਕਿ ਕੋਈ ਵੀ ਸਿੱਖਾਂ ਦੇ ਮਸਲੇ ਵਿਚ ਸਰਕਾਰ ਦਖਲ ਨਹੀਂ ਦੇ ਸਕਦੀ। ਚੈਨਲ ਸ਼ੁਰੂ ਕਰਨਾ ਤੇ ਨਾ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ, ਸਰਕਾਰ ਦੀ ਦਖ਼ਲਅੰਦਾਜ਼ੀ ਬੇਲੋੜੀ ਹੈ।
ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ
ਹਰਜਿੰਦਰ ਧਾਮੀ ਨੇ ਕਿਹਾ ਕਿ ਕੱਲ੍ਹ ਹੋਣ ਵਾਲੇ ਜਰਨਲ ਇਜਲਾਸ ਵਿੱਚ ਵੱਡੇ ਫੈਸਲੇ ਲਏ ਜਾਣਗੇ। ਨਵੇਂ ਬਣੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਅੰਮ੍ਰਿਤ ਸੰਚਾਰ ਦੀ ਲਹਿਰ ਰਾਹੀਂ ਧਰਮ ਪ੍ਰਚਾਰ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ। ਸਿੱਖੀ ਸਰੂਪ ਵਾਲਿਆਂ ਉਤੇ ਕਟਾਕਸ਼ ਕਰਨ ਵਾਲਿਆਂ ਉਤੇ 5 ਸਿੰਘ ਸਾਹਿਬਾਨ ਮੀਟਿੰਗ ਕਰਕੇ ਫੈਸਲਾ ਲੈਣਗੇ ਤੇ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣ ਦੀ ਗੱਲ ਆਖੀ। ਆਮ ਤੌਰ ’ਤੇ ਐਸਜੀਪੀਸੀ ਦਾ ਆਮ ਸਦਨ ਸਾਲ ’ਚ ਦੋ ਵਾਰ ਹੀ ਸੱਦਿਆ ਜਾਂਦਾ ਹੈ; ਇੱਕ ਵਾਰ ਨਵੇਂ ਪ੍ਰਧਾਨ ਦੀ ਚੋਣ ਕਰਨ ਸਮੇਂ ਤੇ ਦੂਜਾ ਸਾਲਾਨਾ ਬਜਟ ਪਾਸ ਕਰਨ ਵੇਲੇ ਪਰ ਭਲਕੇ ਦੇ ਇਜਲਾਸ ਨੂੰ ਵਿਸ਼ੇਸ਼ ਆਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ