ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਗੈਂਗਸਟਰ ਦੇ ਫਰਾਰ ਹੋ ਜਾਣਾ ਪੁਲਿਸ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਪੁਲਿਸ 'ਤੇ ਸਵਾਲ ਚੁੱਕੇ ਹਨ।
Trending Photos
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਦੀਪਕ ਟੀਨੂੰ ਸਵੇਰ ਤੜਕਸਾਰ ਮਾਨਸਾ ਸੀਆਈਏ ਸਟਾਫ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਸੂਤਰਾ ਮੁਤਾਬਿਕ ਪ੍ਰੋਡਕਸ਼ਨ ਵਰੰਟ ’ਤੇ ਕਪੂਰਥਲਾ ਪੁਲਿਸ ਟੀਨੂੰ ਨੂੰ ਪ੍ਰਾਈਵੇਟ ਗੱਡੀ 'ਤੇ ਮਾਨਸਾ ਲੈ ਕੇ ਆਈ ਸੀ ਜਿਥੋ ਉਹ ਫਰਾਰ ਹੋ ਗਿਆ। ਗੈਂਗਸਟਰ ਦੇ ਫਰਾਰ ਹੋਣ ਮਗਰੋਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸਦੇਈਏ ਕਿ ਦੀਪਕ ਟੀਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਗੁਰਗਾ ਹੈ। 29 ਮਈ ਨੂੰ ਜਦੋਂ ਪਿੰਡ ਜਵਾਹਰ ਕੇ ਵਿੱਚ ਜਿਹੜੇ ਗੈਂਗਸਟਰਾਂ ਤੇ ਸ਼ੂਟਰਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਿੱਚ ਦੀਪਕ ਟੀਨੂੰ ਵੀ ਸ਼ਾਮਲ ਸੀ। ਇਸ ਤੋਂ ਪਹਿਲਾ 27 ਮਈ ਨੂੰ ਦੀਪਕ ਟੀਨੂੰ ਦੀ ਹੀ ਆਖਰੀ ਵਾਰ ਲਾਰੈਂਸ ਬਿਸ਼ਨੋਈ ਨਾਲ ਫੋਨ 'ਤੇ ਗੱਲ ਹੋਈ ਸੀ ਜਿਸ ਤੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਹੈ। ਟੀਨੂੰ ਦੇ ਪਿਤਾ ਪੇਂਟਰ ਹਨ। ਦੀਪਕ ਕੁਮਾਰ ਉਰਫ ਟੀਨੂੰ ਖਿਲਾਫ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ਵਿਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ 35 ਤੋਂ ਵੱਧ ਕੇਸ ਦਰਜ ਹਨ।
ਉਧਰ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਗਏ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸੁਰੱਖਿਆ ਨਾਮ ਦੀ ਕੋਈ ਵੀ ਚੀਜ਼ ਨਹੀਂ ਰਹਿ ਗਈ। ਸ਼ਰੇਆਮ ਗੈਂਗਸਟਰ ਪੁਲਿਸ ਦੇ ਹੱਥੋ ਫਰਾਰ ਹੋ ਰਹੇ ਹਨ। ਸਰਕਾਰ ਤੇ ਵਰ੍ਹਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੀ ਇੰਨ੍ਹਾਂ ਗੈਗਸਟਰਾਂ ਨੂੰ ਵੀਆਈਪੀ ਸਹੂਲਤਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੇ ਤਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ।
WATCH LIVE TV