Sultanpur Lodhi News: ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆ ਤੋਂ ਸ਼ੁਰੂ ਹੋਇਆ।
Trending Photos
Sultanpur Lodhi News: ਪੰਜਾਬ ਦੇ ਪਹਿਲੇ ‘ਹਰੇ ਨਗਰ ਕੀਰਤਨ’ ਦੌਰਾਨ ਪੰਜ ਹਜ਼ਾਰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਹਿਲਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆ ਤੋਂ ਸ਼ੁਰੂ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਹੜ੍ਹ ਨਾਲ ਪ੍ਰਭਾਵਿਤ ਹੋਏ 16 ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਕੰਢੇ ਨਿਰਮਲ ਕੁਟੀਆ ਸੁਲਨਤਾਪੁਰ ਲੋਧੀ ਵਿਖੇ ਪਹੁੰਚਿਆ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਦੌਰਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੇ ਫਲਸਫੇ ਨਾਲ ਸੰਗਤਾਂ ਨੂੰ ਜੋੜਿਆ ਉੱਥੇ ਹੀ ਉਹਨਾਂ ਨੇ ਸੰਗਤਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇੱਕਠੇ ਹੋਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ।
ਉਨ੍ਹਾਂ ਨੇ ਕਿਹਾ ਕਿ ਸਵਾ ਚਾਰ ਮਹੀਨੇ ਇਹ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਸੀ। ਇਨ੍ਹਾਂ ਪਿੰਡਾਂ ਦੀ ਝੋਨੇ ਦੀ ਫਸਲ ਵੀ ਤਬਾਹ ਹੋ ਚੁੱਕੀ ਸੀ। ਪੰਜਾਬ ਦੇ ਲੋਕਾਂ ਨੇ ਇਕਜੁੱਟ ਹੋ ਕੇ ਧੁੱਸੀ ਬੰਨ੍ਹਾਂ ਦੇ ਦੋਵਾਂ ਬੰਨ੍ਹਾਂ ਵਿੱਚ ਪਏ ਪਾੜ ਨੂੰ ਰਿਕਾਰਡ ਸਮੇਂ ਵਿੱਚ ਬੰਨ੍ਹ ਕੇ ਬਹੁਤੇ ਕਿਸਾਨਾਂ ਦੀਆਂ ਹੋਰ ਫਸਲਾਂ ਤਬਾਹ ਹੋਣ ਤੋਂ ਬਚਾ ਲਈਆਂ ਸੀ। ਪੰਜਾਬੀਆਂ ਦੇ ਇਸ ਏਕੇ ਨੇ ਇਸ ਇਲਾਕੇ ਦੇ ਕਿਸਾਨਾਂ ਤੇ ਲੋਕਾਂ ਨੂੰ ਦੇ ਜੀਵਨ ਨੂੰ ਕੁਝ ਮਹੀਨਿਆਂ ਵਿੱਚ ਹੀ ਮੁੜ ਤੋਂ ਲੀਹਾਂ ਉਤੇ ਲਿਆ ਦਿੱਤਾ ਸੀ। ਇਸ ਕਾਰਨ ਇਸ ਇਲਾਕੇ ਦੇ ਲੋਕ ਮੁੜ ਤੋਂ ਆਪਣੀ ਫਸਲ ਲਗਾ ਸਕੇ ਸੀ।
ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਪਿੰਡ ਜਾਨੀਆਂ ਤੋਂ ਜਾਨੀਆਂ ਚਾਹਲ, ਮੁਰਾਜਵਾਲਾ, ਮੁੰਡੀ ਕਾਸੂ, ਭਾਨੇਵਾਲ, ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨਾਂ, ਨੱਲ੍ਹ, ਨਸੀਰਪੁਰ, ਗਿਦੜਪਿੰਡੀ, ਵਾਟਾਂਵਾਲੀ ਖੁਰਦ, ਵਾਟਾਂਵਾਲੀ ਕਲਾਂ, ਸ਼ੇਰਪੁਰ ਸੱਧਾ, ਸ਼ਾਹਵਾਲਾ ਅੰਦਰੀਸਾ, ਭਾਗੋ ਆਰਈਆਂ, ਗੁਰਦੁਆਰਾ ਹੱਟ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਤਲਵੰਡੀ ਚੌਧਰੀਆਂ ਪੁਲ ਤੋਂ ਵੇਈਂ ਕਿਨਾਰੇ ਹੁੰਦਾ ਹੋਇਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਵਿੱਚ ਆ ਕੇ ਦੇਰ ਰਾਤ ਨੂੰ ਸੰਪੂਰਨ ਹੋਇਆ। ਇਸ ਨਗਰ ਦਾ ਸਾਰੇ ਹੀ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਲੰਗਰ ਪਾਣੀ ਦਾ ਵੀ ਉਚੇਚਾ ਪ੍ਰਬੰਧ ਵੀ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਸ਼ਾਮਿਲ ਰਹੀਆਂ ਤੇ ਰੱਬੀ ਬਾਣੀ ਦਾ ਗੁਣਗਾਣ ਕੀਤਾ ਗਿਆ। ਕਿਸਾਨ ਕੁਲਵਿੰਦਰ ਸਿੰਘ ਗਿੱਦੜਪਿੰਡੀ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਜੇਕਰ ਬੰਨ੍ਹ ਬੰਨਣ ਦਾ ਮੋਰਚਾ ਨਾ ਲੱਗਦਾ ਤਾਂ ਇਹ ਇਲਾਕਾ ਅੱਜ ਹਰਿਆ ਭਰਿਆ ਨਹੀ ਸੀ ਹੋਣਾ। ਉਹਨਾਂ ਕਿਹਾ ਕਿ ਇਹ ਇਲਾਕਾ ਸੰਤ ਸੀਚੇਵਾਲ ਵੱਲੋਂ ਹੜ੍ਹਾਂ ਦੌਰਾਨ ਕੀਤੇ ਗਏ ਕੰਮਾਂ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਯਤਨਾਂ ਦੇ ਸਦਕਾ ਹੀ ਇਸ ਇਲਾਕੇ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋਣ ਤੋਂ ਬਚ ਗਈ ਸੀ।
ਇਸ ਨਗਰ ਕੀਰਤਨ ਦੌਰਾਨ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਸੰਤ ਸੁਖਜੀਤ ਸਿੰਘ, ਰਤਨ ਸਿੰਘ ਕਾਕੜ ਕਲਾਂ, ਸੁਰਜੀਤ ਸਿੰਘ ਸ਼ੰਟੀ, ਮੇਜਰ ਸਿੰਘ, ਫੁੱਮਣ ਸਿੰਘ ਮੁੰਡੀਆਂ ਚੋਹਲੀਆਂ, ਮੁਖਤਿਆਰ ਸਿੰਘ ਚੀਨੀਆ, ਨਾਨਕਸ਼ਰਨ ਸਿੰਘ, ਰਣਧੀਰ ਸਿੰਘ, ਬਲਕਾਰ ਸਿੰਘ, ਜਥੇਦਾਰ ਮੁਖਤਿਆਰ ਸਿੰਘ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਬੱਚੇ ਸ਼ਾਮਿਲ ਰਹੇ।
ਸੰਤ ਅਵਤਾਰ ਸਿੰਘ ਯਾਦਗਾਰੀ ਗੱਤਕਾ ਅਖਾੜੇ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਗੱਤਕੇ ਦੇ ਜ਼ੌਹਰ ਦਿਖਾਏ ਗਏ। ਇਸ ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਨਾਲ ਹੀ ਗੁਰੂ ਨਾਨਕ ਦੇਵ ਜੀ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਆਰੰਭ ਹੋ ਗਏ ਹਨ।
ਮੈਡੀਸਨ ਦੇ ਪੌਦੇ ਵੰਡੇ
ਪੰਜਾਬ ਦੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਨਗਰ ਕੀਰਤਨ ਵਿੱਚ ਪੰਜ ਹਜ਼ਾਰ ਦੇ ਕਰੀਬ ਫਲਦਾਰ ਤੇ ਮੈਡੀਸਨਲ ਬੂਟੇ ਵੰਡੇ ਗਏ। ਇਨ੍ਹਾਂ ਬੂਟਿਆਂ ਵਿੱਚ ਜ਼ਿਆਦਾਤਰ ਬੇਲ ਪਤਰ ਤੇ ਜਾਮੁਣ, ਅਲਮੰਡਾ, ਨਿੰਮ, ਮਦਾਕਨੀ ਆਦਿ ਦੇ ਬੂਟੇ ਸੀ। ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਜਿੱਥੇ ਸੰਗਤਾਂ ਨੂੰ ਇਨ੍ਹਾਂ ਬੂਟਿਆਂ ਨੂੰ ਲਾਉਣ ਦੀ ਅਪੀਲ ਕਰਦੇ ਰਹੇ ਉਥੇ ਹੀ ਇਨ੍ਹਾਂ ਦੀ ਸਾਂਭ-ਸੰਭਾਲ ਵੀ ਬੇਨਤੀ ਕਰਦੇ ਰਹੇ। ਉਨ੍ਹਾਂ ਨਗਰ ਕੀਰਤਨ ਦੌਰਾਨ ਸ਼ਬਦਾਂ ਰਾਹੀ ਵੀ ਸੰਗਤਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵਾਤਾਵਰਣ ਨੂੰ ਬਚਾਉਣ ਦਾ ਹੋਕਾ ਦਿੱਤਾ।
ਇਹ ਵੀ ਪੜ੍ਹੋ : World Cup Final 2023: 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਟੀਮ ਨੇ ਬਣਾਈ ਇਹ ਯੋਜਨਾ?
ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ