Gurpreet Gogi: ਗੁਰਪ੍ਰੀਤ ਗੋਗੀ ਨੇ ਆਪਣਾ ਸਿਆਸੀ ਸਫਰ ਕਾਂਗਰਸ ਨਾਲ ਸ਼ੁਰੂ ਕੀਤਾ ਸੀ, ਜਿੱਥੋਂ 3 ਵਾਰ ਲਗਾਤਾਰ ਕੌਂਸਲਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਵੀ ਦਿੱਤਾ ਗਿਆ।
Trending Photos
Gurpreet Gogi: ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿੱਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਗੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਗੁਰਪ੍ਰੀਤ ਗੋਗੀ ਨੇ ਆਪਣਾ ਸਿਆਸੀ ਸਫਰ ਕਾਂਗਰਸ ਨਾਲ ਸ਼ੁਰੂ ਕੀਤਾ ਸੀ, ਜਿੱਥੋਂ 3 ਵਾਰ ਲਗਾਤਾਰ ਕੌਂਸਲਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਵੀ ਦਿੱਤਾ ਗਿਆ। ਸਾਲ 2017 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਨੂੰ ਇੰਡਸਟਰੀ ਦਾ ਚੇਅਰਮੈਨ ਬਣਾਇਆ ਗਿਆ।
ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਗੁਰਪ੍ਰੀਤ ਗੋਗੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਸਾਲ 2022 ਵਿੱਚ ਉਨ੍ਹਾਂ ਨੇ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਚੋਣ ਲੜੀ ਅਤੇ ਉਹ ਜੇਤੂ ਰਹੇ। ਉਨ੍ਹਾਂ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ। ਗੋਗੀ ਵੱਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਗਿਆ ਸੀ। ਇੰਨਾਂ ਹੀ ਨਹੀਂ, ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਅਤੇ ਭਾਜਪਾ ਦੇ ਵਿਕਰਮ ਸੰਧੂ ਨੂੰ ਹਰਾ ਕੇ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਤੋਂ ਐਮਐਲਏ ਬਣੇ।
ਗੁਰਪ੍ਰੀਤ ਗੋਗੀ ਅਕਸਰ ਹੀ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਰਹੇ। ਉਨ੍ਹਾਂ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਜਾ ਕੇ ਬੁੱਢੇ ਨਾਲੇ ਲਈ ਰੱਖਿਆ ਨਹੀਂ ਪੱਥਰ ਵੀ ਤੋੜਿਆ ਗਿਆ,ਇਸ ਕਾਰਣ ਉਹ ਕਾਫੀ ਸੁਰਖੀਆਂ ਵਿੱਚ ਰਹੇ। ਗੁਰਪ੍ਰੀਤ ਗੁਗੀ ਲਗਭਗ 23 ਸਾਲ ਕਾਂਗਰਸ ਵਿੱਚ ਰਹੇ ਸੀ। ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ 2024 ਵਿੱਚ ਪਤਨੀ ਡਾਕਟਰ ਸੁਖਚੈਨ ਕੌਰ ਵਾਰਡ ਨੰਬਰ 61 ਤੋਂ ਮਹਿਜ਼ 86 ਵੋਟਾਂ ਤੋਂ ਹਾਰ ਗਏ ਸਨ। ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ।
ਗੁਰਪ੍ਰੀਤ ਗੋਗੀ ਲੁਧਿਆਣਾ ਦੇ ਵੱਡੇ ਕਾਰੋਬਾਰੀ ਹਨ। ਉਨ੍ਹਾਂ ਕੋਲ ਮਹਿੰਗੀਆਂ ਗੱਡੀਆਂ ਦੀ ਕੁਲੈਕਸ਼ਨ ਹੈ। ਚੋਣਾਂ ਦੌਰਾਨ ਗੁਰਪ੍ਰੀਤ ਗੋਗੀ ਆਪਣੇ ਲੱਕੀ ਸਕੂਟਰ ਕਰਕੇ ਹਰ ਵਾਰ ਚਰਚਾ ਵਿੱਚ ਰਹਿੰਦੇ ਸਨ। ਉਹ ਜਦੋਂ ਵੀ ਚੋਣਾਂ ਲੜਦੇ ਸਨ, ਤਾਂ ਨਾਮਜ਼ਦਗੀਆਂ ਦਾਖਲ ਕਰਨ ਲਈ ਹਮੇਸ਼ਾ ਆਪਣੇ ਲੱਕੀ ਸਕੂਟਰ ਉੱਤੇ ਹੀ ਨਿਕਲਦੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ 'ਇਹ ਮੇਰਾ ਲੱਕੀ ਸਕੂਟਰ ਹੈ। ਇਸ ਨਾਲ ਹੀ ਮੈਂ ਬਹੁਤ ਸਫ਼ਰ ਤੈਅ ਕੀਤਾ ਹੈ।'
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਭਰਨ ਵੇਲੇ ਉਹ ਸਕੂਟਰ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਸੀ । ਗੁਰਪ੍ਰੀਤ ਗੋਗੀ ਜੇਤੂ ਰਹੇ। ਇਸ ਤੋਂ ਬਾਅਦ ਉਹ ਕਰੋੜਾਂ ਦੀ ਟੂ ਸੀਟਰ ਪੋਰਸ਼ 'ਤੇ ਲੁਧਿਆਣਾ ਨਗਰ ਨਿਗਮ ਦਫ਼ਤਰ ਪੁੱਜੇ ਸਨ। ਪੋਰਸ਼ ਵਿੱਚ ਸਵਾਰੀ ਕਾਰਨ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਸਨ। ਵਿਰੋਧੀਆਂ ਨੇ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਸਕੂਟਰ ਸਵਾਰ ਵਿਧਾਇਕ ਚੋਣ ਜਿੱਤਣ ਤੋਂ ਬਾਅਦ ਪੋਰਸ਼ 'ਤੇ ਆ ਰਹੇ ਹਨ।