Samrala News: ਜੰਗਲਾਤ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਲਗਾਏ ਗਏ ਧਰਨੇ ਕਾਰਨ ਖੰਨਾ-ਨਵਾਂਸ਼ਹਿਰ ਹਾਈਵੇ ਪੂਰੀ ਤਰ੍ਹਾਂ ਠੱਪ ਹੋਕੇ ਰਹਿ ਗਿਆ ਹੈ।
Trending Photos
Samrala News: ਸਮਰਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੈਂਕੜੇ ਕਿਸਾਨਾਂ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਉਤੇ ਸ਼ਰਾਬ ਠੇਕੇਦਾਰ ਵੱਲੋਂ ਕਬਜ਼ਾ ਕਰ ਲਏ ਜਾਣ ਅਤੇ ਸਰਹਿੰਦ ਨਹਿਰ ਕਿਨਾਰੇ ਨੀਲੋਂ ਤੋਂ ਲੈ ਕੇ ਪਿੰਡ ਬਹਿਲੋਲਪੁਰ ਤੱਕ ਕਰੀਬ 20 ਕਿਲੋਮੀਟਰ ਏਰੀਏ ਵਿੱਚ ਨਹਿਰ ਕੰਢੇ ਦੀ 5-5 ਫੁੱਟ ਸੜ੍ਹਕ ਪਾਸੇ ਵਾਲੀ ਥਾਂ ਉਤੇ ਉੱਘੇ ਸਰਕੰਡੇ ਕਾਰਨ ਵਾਪਰ ਰਹੇ ਹਾਦਸਿਆਂ ਖਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।
ਜੰਗਲਾਤ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਲਗਾਏ ਗਏ ਇਸ ਧਰਨੇ ਕਾਰਨ ਖੰਨਾ-ਨਵਾਂਸ਼ਹਿਰ ਹਾਈਵੇ ਪੂਰੀ ਤਰ੍ਹਾਂ ਠੱਪ ਹੋਕੇ ਰਹਿ ਗਿਆ ਹੈ। ਇਸ ਦੌਰਾਨ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਐਲਾਨ ਕਰਦਿਆ ਕਿਹਾ ਕਿ, ਜਦੋਂ ਤੱਕ ਜੰਗਲਾਤ ਵਿਭਾਗ ਪਿੰਡ ਪਵਾਤ ਵਿੱਚ ਨਾਜਾਇਜ਼ ਕਬਜ਼ੇ ਹੇਠ ਆਈ ਸਰਕਾਰੀ ਜ਼ਮੀਨ ਨੂੰ ਛੁਡਵਾਉਣ ਸਮੇਤ ਨਹਿਰ ਦੇ ਕੰਡੇ ਦੀ ਸਫ਼ਾਈ ਸ਼ੁਰੂ ਕਰਵਾਉਣ ਦੀ ਕਾਰਵਾਈ ਨਹੀਂ ਆਰੰਭਦਾ, ਉਦੋਂ ਤੱਕ ਇਹ ਧਰਨਾ ਇੰਝ ਹੀ ਜਾਰੀ ਰਹੇਗਾ।
ਕਿਸਾਨ ਯੂਨੀਅਨ ਦੇ ਵਰਕਰ ਸਵੇਰ ਤੋਂ ਹੀ ਸਮਰਾਲਾ ਦੇ ਵਣ ਰੇਂਜ ਅਧਿਕਾਰੀ ਦੇ ਦਫ਼ਤਰ ਬਾਹਰ ਸੜਕ ਰੋਕ ਕੇ ਧਰਨੇ ’ਤੇ ਬੈਠੇ ਹਨ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੰਗ ਹੈ, ਸਮਰਾਲਾ ਤੋਂ ਮਾਛੀਵਾੜਾ ਅਤੇ ਰੋਪੜ ਤੋਂ ਗੜ੍ਹੀ ਪੁਲ ਤੱਕ ਦੀ ਨਹਿਰ ਦੇ ਕੰਡੇ ਸਰਕੰਡਾ ਅਤੇ ਝਾੜੀਆਂ 5-5 ਫੁੱਟ ਤੱਕ ਉੱਚੀਆਂ ਹੋ ਗਈਆਂ ਹਨ, ਜਿਸ ਕਾਰਨ ਇਸ ਸੜਕ ਤੋਂ ਗੁਜਰਨ ਵਾਲੇ ਵਾਹਨ ਚਾਲਕਾਂ ਨੂੰ ਅੱਗੇ ਸਹੀ ਵਿਖਾਈ ਨਾ ਦੇਣ ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਤੁਰੰਤ ਇਨ੍ਹਾਂ ਦੀ ਸਫ਼ਾਈ ਜ਼ਰੂਰੀ ਹੈ।
ਓਧਰ ਇਸ ਸੰਬੰਧ ਵਿੱਚ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਜੰਗਲਾਤ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਹਾਜ਼ਰ ਨਹੀਂ ਹੈ ਅਤੇ ਹੇਠਲੇ ਪੱਧਰ ਦੇ ਵਿਭਾਗੀ ਕਰਮਚਾਰੀ ਇਸ ਮੁੱਦੇ ’ਤੇ ਕੁਝ ਵੀ ਆਖਣ ਤੋਂ ਅਸਮਰਥ ਵਿਖਾਈ ਦਿੱਤੇ। ਓਧਰ ਸਮਰਾਲਾ ਪੁਲਿਸ ਨੇ ਇਸ ਧਰਨੇ ਕਾਰਨ ਲੱਗੇ ਜਾਮ ’ਚ ਫੱਸੇ ਵਾਹਨਾਂ ਨੂੰ ਕੱਢਣ ਲਈ ਬਦਲਵੇਂ ਰਸਤੇ ਦਾ ਪ੍ਰਬੰਧ ਕੀਤਾ ਹੈ ਅਤੇ ਸਾਰੀ ਆਵਾਜਾਈ ਸ਼ਹਿਰ ਦੇ ਬਾਹਰਲੇ ਹਿੱਸੇ ਰਾਹੀ ਅੱਗੇ ਲੰਘਾਈ ਜਾ ਰਹੀ ਹੈ। ਪੁਲਿਸ ਵੱਲੋ ਮੌਕੇ ਤੇ ਪਹੁੰਚ ਕੇ ਜੰਗਲਾਤ ਵਿਭਾਗ ਦੇ ਅਫਸਰਾਂ ਨਾਲ ਗੱਲਬਾਤ ਕਰਕੇ ਮੀਟਿੰਗ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।