Trending Photos
Samrala News (ਵਰੁਣ ਕੌਸ਼ਲ): ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿੱਚ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 9 ਮਹੀਨੇ ਤੋਂ ਧਰਨੇ ਉਤੇ ਬੈਠੇ ਪਿੰਡ ਵਾਸੀਆਂ ਨੂੰ ਖਦੇੜਨ ਲਈ ਅੱਜ ਤੜਕੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪੂਰੀ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਧਰਨਾ ਸਥਾਨ ਉਤੇ ਪਹੁੰਚੀ ਅਤੇ ਧਰਨਾਕਾਰੀਆਂ ਦੀ ਕੁਝ ਮੋਹਤਬਰ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਵਿੱਚ ਲੈ ਲਿਆ।
ਪ੍ਰੰਤੂ ਧਰਨੇ ਉਤੇ ਬੈਠੇ ਪਿੰਡ ਵਾਸੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹਨ, ਨੇ ਧਰਨੇ ਵਾਲੀ ਥਾਂ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਧਰਨੇ ਵਾਲੀ ਥਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ। ਇਸ ਦੌਰਾਨ ਪੁਲਿਸ ਨੇ ਧਰਨਾਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ।
ਉਧਰ ਮੌਕੇ ਉਤੇ ਹਾਜ਼ਰ ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸਾਸ਼ਨ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਅਤੇ ਫੈਕਟਰੀ ਦਾ ਜੋ ਕੰਮ ਚੱਲ ਰਿਹਾ ਹੈ, ਉਸ ਨੂੰ ਪਿੰਡ ਵਾਸੀ ਬੰਦ ਕਰਵਾਉਣਾ ਚਾਹੁੰਦੇ ਹਨ। ਇਸ ਲਈ ਇੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਫੋਰਸ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਆਗੂਆਂ ਨੂੰ ਰਾਊਂਡਅਪ ਕੀਤਾ ਗਿਆ ਹੈ।
ਸਵੇਰੇ ਕਰੀਬ 7 ਵਜੇ ਤੋਂ ਸ਼ੁਰੂ ਹੋਈ ਇਹ ਕਾਰਵਾਈ 4 ਘੰਟੇ ਬਾਅਦ ਵੀ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਵਧਦੇ ਰੋਹ ਨੂੰ ਵੇਖਦੇ ਹੋਏ ਕਿਸੇ ਤਰ੍ਹਾਂ ਦੇ ਵੀ ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਰਾਜਵਿੰਦਰ ਕੌਰ ਅਤੇ ਬੀਡੀਪੀਓ ਰੁਪਿੰਦਰ ਕੌਰ ਸਮੇਤ ਕੁਝ ਹੋਰ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਚੁੱਕੇ ਹਨ।
ਪਿੰਡ ਵਾਸੀਆਂ ਨੇ ਕਿਸੇ ਵੀ ਕੀਮਤ ਉਤੇ ਫੈਕਟਰੀ ਅੱਗਿਓ ਧਰਨਾ ਚੁੱਕਣ ਤੋਂ ਮਨਾ ਕਰਦੇ ਹੋਏ ਆਪਣੀਆਂ ਗ੍ਰਿਫਤਾਰੀਆਂ ਦੇਣ ਦਾ ਐਲਾਨ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਧੱਕੇਸ਼ਾਹੀ ਦਾ ਡਟਵਾਂ ਮੁਕਾਬਲਾ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਉਨ੍ਹਾਂ ਦੇ 6-7 ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣੇ ਲਿਜਾਣ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਹ ਐਲਾਨ ਵੀ ਕੀਤਾ ਕਿ, ਸ਼ਾਮ ਤੱਕ ਪੂਰਾ ਪਿੰਡ ਹੀ ਗ੍ਰਿਫਤਾਰੀ ਲਈ ਥਾਣੇ ਪਹੁੰਚ ਜਾਵੇਗਾ।