Patiala News: ਜੱਜ ਦੇ ਸਾਹਮਣੇ ਨਿਹੰਗ ਵੱਲੋਂ ਕਿਰਪਾਨ ਲਹਿਰਾਉਣ ਦੇ ਮਾਮਲੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਨੂੰ ਮੁਅੱਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Trending Photos
Patiala News: ਪਟਿਆਲਾ ਵਿੱਚ ਅਦਾਲਤ ਵਿੱਚ ਜੱਜ ਦੇ ਸਾਹਮਣੇ ਨਿਹੰਗ ਵੱਲੋਂ ਕਿਰਪਾਨ ਲਹਿਰਾਉਣ ਦੇ ਮਾਮਲੇ ਵਿੱਚ ਇੱਕ ਸੁਰੱਖਿਆ ਮੁਲਾਜ਼ਮ ਨੂੰ ਮੁਅੱਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਗੋਬਿੰਦ ਨਗਰ ਨਿਵਾਸੀ ਗੁਰਪਾਲ ਸਿੰਘ ਬੀਤੇ ਦਿਨ ਜ਼ਿਲ੍ਹਾ ਅਦਾਲਤ ਵਿੱਚ ਆਇਆ ਸੀ। ਅਦਾਲਤ ਵਿੱਚ ਦਾਖਲ ਹੋਣ ਲੱਗਿਆ ਗੇਟ ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਤਲਾਸ਼ੀ ਲਈ ਗਈ ਅਤੇ ਇਸ ਦੇ ਹੱਥ ਵਿੱਚ ਮੌਜੂਦ ਵੱਡੀ ਕਿਰਪਾਨ ਉਤਰਵਾ ਲਈ ਗਈ ਸੀ।
ਨਿਹੰਗ ਸਿੰਘ ਦੇ ਬਾਣੇ ਚ ਫੜੇ ਇਸ ਵਿਅਕਤੀ ਦਾ ਨਾਮ ਗੁਰਪਾਲ ਸਿੰਘ ਵਾਸੀ ਤ੍ਰਿਪੜੀ ਦੱਸਿਆ ਜਾ ਰਿਹਾ ਹੈ ਜੋ ਦਿਮਾਗੀ ਤੌਰ ਉਤੇ ਪ੍ਰੇਸ਼ਾਨ ਸੀ ਅਤੇ ਇਸ ਦਾ ਕੋਈ ਕ੍ਰਿਮਿਨਲ ਪਿਛੋਕੜ ਸਾਹਮਣੇ ਨਹੀਂ ਆਇਆ। ਮੇਜ ਉੱਪਰ ਚੜ੍ਹ ਕੇ ਸ਼੍ਰੀ ਸਾਹਿਬ ਕੱਢਣ ਵਾਲੇ ਨਿਹੰਗ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।
ਫਿਲਹਾਲ ਮੁਲਜ਼ਮ ਨਿਹੰਗ ਸਿੰਘ ਨੂੰ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਵਿਅਕਤੀ ਦੇ ਉੱਪਰ ਕੱਲ੍ਹ ਹੀ ਥਾਣਾ ਲਾਹੌਰੀ ਗੇਟ ਦੇ ਵਿੱਚ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦੇ ਦਿੱਤਾ ਗਿਆ ਸੀ।
ਗੁਰਪਾਲ ਸਿੰਘ ਕੋਲ ਇੱਕ ਛੋਟੇ ਸ੍ਰੀ ਸਾਹਿਬ ਵੀ ਮੌਜੂਦ ਸੀ। ਨਿਹੰਗ ਦੇ ਬਾਣੇ ਵਿਚ ਗੁਰਪਾਲ ਸਿੰਘ ਮਾਨਯੋਗ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਵਿੱਚ ਦਾਖ਼ਲ ਹੋਇਆ ਅਤੇ ਸ਼੍ਰੀ ਸਾਹਿਬ ਕੱਢ ਕੇ ਜੱਜ ਦੇ ਡਾਇਸ ਤੱਕ ਪਹੁੰਚ ਗਿਆ। ਗੁਰਪਾਲ ਨੂੰ ਅਦਾਲਤ ਵਿੱਚ ਮੌਜੂਦ ਸਟਾਫ ਵੱਲੋਂ ਮੌਕੇ ਉਤੇ ਹੀ ਕਾਬੂ ਕਰ ਲਿਆ ਗਿਆ ਸੀ।
ਡੀਐਸਪੀ ਸਤਨਾਮ ਸਿੰਘ ਅਨੁਸਾਰ ਗੁਰਪਾਲ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਜਾਪ ਰਿਹਾ ਹੈ ਅਤੇ ਪੁੱਛੇ ਸਵਾਲਾਂ ਦਾ ਸਹੀ ਤਰ੍ਹਾਂ ਜਵਾਬ ਵੀ ਦੇਣ ਦੀ ਹਾਲਤ ਵਿੱਚ ਨਹੀਂ ਹੈ। ਡੀਐਸਪੀ ਨੇ ਦੱਸਿਆ ਕਿ ਅਦਾਲਤ ਦੀ ਸੁਰੱਖਿਆ ਸਬੰਧੀ ਕੀਤੇ ਗਏ ਨਿਰੀਖਣ ਦੌਰਾਨ ਸਾਹਮਣੇ ਆਇਆ ਕਿ ਕੱਲ੍ਹ ਮੌਜੂਦ ਸੁਰੱਖਿਆ ਮੁਲਾਜ਼ਮ ਵੱਲੋਂ ਗੁਰਪਾਲ ਸਿੰਘ ਨੂੰ ਅਦਾਲਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਸ ਦੀ ਜੱਜ ਕੋਲ ਪੇਸ਼ੀ ਹੋਣ ਜਾਂ ਨਾ ਹੋਣ ਬਾਰੇ ਨਾ ਪੁੱਛ ਕਿ ਅੰਦਰ ਦਾਖਲ ਹੋਣ ਦਿੱਤਾ ਗਿਆ ਜੋ ਕਿ ਵੱਡੀ ਕੁਤਾਹੀ ਹੈ। ਇਸ ਕਰਕੇ ਇੱਕ ਸੁਰੱਖਿਆ ਮੁਲਾਜ਼ਮ ਨੂੰ ਮੁਅਤਲ ਕਰਕੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ।