Shaheedi Jor Mel: ਗੁਰਦੁਆਰਾ ਗਨੀ ਖਾਂ ਨਬੀ ਖਾਂ ਨੇੜ੍ਹੇ ਹੀ ਸਥਿਤ ਪੁਰਾਤਨ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਨੂੰ ਦੁੱਧ ਦਾ ਲੰਗਰ ਛਕਾਇਆ।
Trending Photos
Shaheedi Jor Mel: ਮਾਛੀਵਾੜਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਇਤਿਹਾਸਕ ਧਰਤੀ ਉੱਤੇ ਹੋਰ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਗਨੀ ਖਾਂ ਨਬੀ ਖਾਂ ਦੇ ਵਾਰਿਸ ਬਣ ਮੁਸਲਮਾਨ ਭਾਈਚਾਰੇ ਨੇ ਸਿੱਖ ਸੰਗਤ ਲਈ ਦੁੱਧ ਦਾ ਲੰਗਰ ਲਗਾਇਆ।
ਗੁਰਦੁਆਰਾ ਗਨੀ ਖਾਂ ਨਬੀ ਖਾਂ ਨੇੜ੍ਹੇ ਹੀ ਸਥਿਤ ਪੁਰਾਤਨ ਮਸਜਿਦ ਦੇ ਬਾਹਰ ਮੁਸਲਮਾਨ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤ ਨੂੰ ਦੁੱਧ ਦਾ ਲੰਗਰ ਛਕਾਇਆ।
ਲੰਗਰ ਲਗਾਉਣ ਵਾਲੇ ਮੁਸਲਮਾਨ ਭਾਈਚਾਰੇ ਦੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਭਾਈ ਗਨੀ ਖਾਂ ਭਾਈ ਨਬੀ ਖਾਂ ਦੇ ਵਾਰਿਸ ਬਣ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕੀਤਾ ਹੈ ਅਤੇ ਮੁਸਲਿਮ-ਸਿੱਖ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਸਲਮਾਨ ਭਾਈਚਾਰੇ ਵੱਲੋਂ ਜੋੜ ਮੇਲ ਅਤੇ ਹਰੇਕ ਸਾਲ ਲੰਗਰ ਲਗਾਇਆ ਜਾਂਦਾ ਹੈ ਅਤੇ ਸਿੱਖ ਸੰਗਤਾਂ ਬਹੁਤ ਹੀ ਪਿਆਰ ਨਾਲ ਲੰਗਰ ਛਕਦੀਆਂ ਹਨ। ਇਸ ਮੌਕੇ ਸਿੱਖ ਸੰਗਤਾਂ ਨੇ ਵੀ ਇਹ ਦੁੱਧ ਦਾ ਲੰਗਰ ਲਗਾਉਣ 'ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨੇਕ ਕੰਮ ਸਿੱਖ, ਮੁਸਲਿਮ ਭਾਈਚਾਰੇ ਦੀ ਸਾਂਝ ਦੇ ਪ੍ਰਤੀਕ ਬਣਦੇ ਹਨ।
ਇਹ ਵੀ ਪੜ੍ਹੋ: Shaheedi Jor Mel News: ਗੁਰਦੁਆਰਾ ਸੰਤਸਰ ਸਾਹਿਬ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਦਸਤਾਰਾਂ ਦਾ ਲੰਗਰ
ਕੌਣ ਸਨ ਗਨੀ ਖਾਂ ਅਤੇ ਨਬੀ ਖਾਂ ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ ਮੁਸਲਮਾਨ ਭਰਾਵਾਂ ਭਾਈ ਗਨੀ ਖਾਂ ਭਾਈ ਨਬੀ ਖਾਂ ਦੇ ਘਰ ਦੋ ਦਿਨ ਰਹੇ। ਚਾਰ-ਚੁਫ਼ੇਰੇ ਮੁਗਲ ਫੌਜਾਂ ਗੁਰੂ ਜੀ ਦੀ ਭਾਲ ਕਰ ਰਹੀਆਂ ਸਨ। ਸਭ ਪਾਸੇ ਇਹ ਗੱਲ ਫੈਲ ਚੁੱਕੀ ਸੀ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਕੱਚੀ ਗੜ੍ਹੀ ’ਚੋਂ ਬਚ ਕੇ ਨਿਕਲ ਗਏ ਹਨ।
ਚਮਕੌਰ ਦੇ ਆਲੇ-ਦੁਆਲੇ ਨਾਲ ਲੱਗਦੇ ਪਿੰਡਾਂ ’ਚ ਮੁਗਲ ਫੌਜੀਆਂ ਵਲੋਂ ਸਖ਼ਤ ਨਾਕਾਬੰਦੀ ਕਰ ਕੇ ਤਲਾਸ਼ੀਆਂ ਲਈਆਂ ਜਾ ਰਹੀਆਂ ਸਨ। ਭਾਈ ਗਨੀ ਖਾਂ ਨਬੀ ਖਾਂ ਦੇ ਘਰ ਠਹਿਰੇ ਦਸਮੇਸ਼ ਪਿਤਾ ਅਤੇ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਤੇ ਸਿੱਖ ਮਾਨ ਸਿੰਘ ਨੂੰ ਵੀ ਪਤਾ ਸੀ।
ਹੁਣ ਇੱਥੇ ਜਿਆਦਾ ਦੇਰ ਰੁਕਣਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ ਇਸ ਕਰਕੇ ਵਿਉਂਤਬੰਦੀ ਬਣਾਈ ਗਈ ਕਿ ਗੁਰੂ ਜੀ ਨੂੰ ‘ਉੱਚ ਦਾ ਪੀਰ’ ਦੇ ਭੇਸ਼ ’ਚ ਮਾਛੀਵਾੜਾ ਤੋਂ ਸੁਰੱਖਿਅਤ ਕੱਢ ਕੇ ਸੂਬਾ ਸਰਹਿੰਦ ਦੇ ਰਾਜ ਤੋਂ ਬਾਹਰ ਭੇਜਿਆ ਜਾਵੇ। ਇਸ ਤਰ੍ਹਾਂ ਹੀ ਕੀਤਾ ਗਿਆ। ਇੱਕ ਪਾਲਕੀ ਤਿਆਰ ਕੀਤੀ ਗਈ ਜਿਸ ’ਚ ਗੁਰੂ ਜੀ ਬੈਠ ਗਏ।
ਉਦੋਂ ਗੁਰੂ ਜੀ ਵਲੋਂ ਕੇਸ਼ੀਂ ਇਸ਼ਨਾਨ ਕੀਤਾ ਗਿਆ ਸੀ ਇਸ ਕਰ ਕੇ ਉਨ੍ਹਾਂ ਨੇ ਆਪਣੇ ਕੇਸ ਹਰੇ ਕਰਨ ਲਈ ਪਿੱਛੇ ਨੂੰ ਖਿਲਾਰ ਲਏ। ਇਸ ਪਾਲਕੀ ਦੇ ਅਗਲੇ ਪਾਸੇ ਦੋਵੇਂ ਭਰਾ ਭਾਈ ਗਨੀ ਖਾਂ ਭਾਈ ਨਬੀ ਖਾਂ ਲੱਗ ਗਏ ਜਦਕਿ ਪਿਛਲੇ ਪਾਸੇ ਦੋਵੇਂ ਪਿਆਰੇ ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ ਜੁਟ ਗਏ।
ਇਸ ਪਾਲਕੀ ਨੂੰ ਚੁੱਕ ਕੇ ਉਹ ਘਰੋਂ ਚੱਲ ਪਏ ਪਿੱਛੇ-ਪਿੱਛੇ ਭਾਈ ਮਾਨ ਸਿੰਘ ਉਨ੍ਹਾਂ ਨੂੰ ਚੌਰ ਕਰਨ ਲੱਗ ਪਏ। ਗੁਰੂ ਸਾਹਿਬ ਜਦੋਂ ‘ਉੱਚ ਦਾ ਪੀਰ’ ਦੇ ਰੂਪ ’ਚ ਮਾਛੀਵਾੜਾ ਤੋਂ ਬਾਹਰ ਦੱਖਣ ਵਾਲੇ ਪਾਸੇ ਜਾਂਦੇ ਹੋਏ ਅੱਗੇ ਵਧੇ ਤਾਂ ਅੱਗੇ ਇੱਕ ਖੂਹ ਦੇ ਨੇੜੇ ਸ਼ਾਹੀ ਫੌਜਾਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ,
ਜਿੱਥੇ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਭਾਈ ਗਨੀ ਖਾਂ ਭਾਈ ਨਬੀ ਖਾਂ ਵਲੋਂ ਨਾਕੇ ’ਤੇ ਖੜੇ ਮੁਗਲ ਅਧਿਕਾਰੀਆਂ ਨੂੰ ਦੱਸਿਆ ਕਿ ਇਹ ‘ਉੱਚ ਦੇ ਪੀਰ’ ਹਨ। ਅਧਿਕਾਰੀਆਂ ਵੱਲੋਂ ਇਸ ਦੀ ਸਨਾਖ਼ਤ ਕਰਵਾਉਣ ਲਈ ਨੇੜਲੇ ਪਿੰਡ ਨੂਰਪੁਰ ਤੋਂ ਇੱਕ ਫ਼ਕੀਰ ਨੂਰ ਮੁਹੰਮਦ ਤੇ ਇਲਾਕੇ ਦੇ ਦੋ ਹੋਰ ਕਾਜ਼ੀਆਂ ਨੂੰ ਵੀ ਬੁਲਾਇਆ ਗਿਆ।
ਇਤਿਹਾਸ ’ਚ ਜ਼ਿਕਰ ਹੈ ਕਿ ਭਾਵੇਂ ਫ਼ਕੀਰ ਨੂਰ ਮੁਹੰਮਦ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣ ਲਿਆ ਗਿਆ ਸੀ ਪਰ ਉਨ੍ਹਾਂ ਫਿਰ ਵੀ ਕਿਹਾ ਕਿ ਇਹ ਪੂਰੇ ਜਗਤ ਦੇ ‘ਉੱਚ ਦੇ ਪੀਰ’ ਹਨ।