Faridkot News: ਲੜਕੇ ਦੇ ਪਰਿਵਾਰ ਨੇ ਹਰਪ੍ਰੀਤ ਸਿੰਘ ਦੀ ਮੌਤ ਦਾ ਇਲਜ਼ਾਮ ਉਸਦੇ ਸਹੁਰੇ ਪਰਿਵਾਰ ਉੱਤੇ ਲਗਾਇਆ ਹੈ, ਉਨ੍ਹਾਂ ਨੇ ਕਿਹਾ ਕਿ ਸਾਡੇ ਪੁੱਤਰ ਨੂੰ ਸੁਹਰੇ ਪਰਿਵਾਰ ਵੱਲੋਂ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।
Trending Photos
Faridkot News(ਨਰੇਸ਼ ਸੇਠੀ): ਵਿਆਹ ਤੋਂ ਇੱਕ ਸਾਲ ਬਾਅਦ ਹੀ ਫ਼ਰੀਦਕੋਟ ਦੇ 25 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਂਗਕਾਂਗ ਵਿਚ ਭੇਦ ਭਰੇ ਹਾਲਤਾਂ ਵਿਚ ਮੌਤ ਹੋ ਗਈ। ਕਰੀਬ ਇੱਕ ਹਫ਼ਤਾ ਪਹਿਲਾ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਸਿੰਘ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਪਰ ਪਰਿਵਾਰਿਕ ਮੈਂਬਰਾਂ ਨੇ ਸ਼ੰਕਾ ਜਤਾਇਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਜੋ ਹਾਂਗਕਾਂਗ ਦਾ ਪੱਕਾ ਵਸਨੀਕ ਹੈ ਉਸ ਵੱਲੋਂ ਸਾਡੇ ਪੁੱਤਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਲਈ ਸਾਡੇ ਪੁੱਤਰ ਦੀ ਮੌਤ ਦੀ ਸਹੀ ਢੰਗ ਨਾਲ ਜਾਂਚ ਹੋਣੀ ਚਾਹੀਦੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਅਤੇ ਰੋ ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਦੀ ਭੈਣ ਸੁਖਦੀਪ ਕੌਰ ਨੇ ਦੱਸਿਆ ਕੇ ਪਿਛਲੇ ਸਾਲ ਦਸੰਬਰ ਮਹੀਨੇ ਹਰਪ੍ਰੀਤ ਦੀ ਸ਼ਾਦੀ ਮਹਿੰਦਰ ਕੌਰ ਮਾਹੀ ਨਾਮ ਦੀ ਲੜਕੀ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰ ਰਾਏਪੁਰ ਦੀ ਰਹਿਣ ਵਾਲੀ ਨਾਲ ਹੋਇਆ ਸੀ ਜੋ ਖ਼ੁਦ ਅਤੇ ਉਸ ਦਾ ਪੁਰਾ ਪਰਿਵਾਰ ਹਾਂਗਕਾਂਗ ਦੇ ਪੱਕੇ ਵਸਨੀਕ ਹਨ। ਵਿਆਹ ਦੇ ਕਰੀਬ ਛੇ ਮਹੀਨੇ ਬਾਅਦ ਉਨ੍ਹਾਂ ਦੇ ਬੇਟੇ ਦਾ ਵੀਜ਼ਾ ਆਉਣ ਤੋਂ ਬਾਅਦ ਖ਼ੁਦ ਲੜਕੀ ਉਸ ਨੂੰ ਇੰਡੀਆ ਤੋਂ ਆਪਣੇ ਨਾਲ ਲੈ ਕੇ ਗਈ ਸੀ। ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਦੋਨਾਂ ਵਿਚ ਕੁੱਝ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਇੱਕ ਵਾਰ ਹਰਪ੍ਰੀਤ ਵਾਪਸ ਆ ਗਿਆ ਸੀ ਪਰ ਰਿਸ਼ਤੇਦਾਰਾਂ ਨੇ ਵਿਚ ਪੈ ਕੇ ਇਨ੍ਹਾਂ ਦੀ ਸੈਟਲਮੈਂਟ ਕਰਵਾ ਦਿੱਤੀ ਅਤੇ ਦੋਬਾਰਾ ਦੋਨੋਂ ਹਾਂਗਕਾਂਗ ਚਲੇ ਗਏ। ਪਰ ਉੱਥੇ ਜਾਣ ਤੋਂ ਬਾਅਦ ਉਸ ਦੇ ਸੋਹਰੇ ਪਰਿਵਾਰ ਦਾ ਵਤੀਰਾ ਹਰਪ੍ਰੀਤ ਪ੍ਰਤੀ ਬਦਲ ਗਿਆ ਅਤੇ ਉਨ੍ਹਾਂ ਨੇ ਆਪਣੀ ਬੇਇੱਜ਼ਤੀ ਸਮਝਦੇ ਹੋਏ ਹਰਪ੍ਰੀਤ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।
ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵੱਲੋਂ ਉਸ ਨੂੰ ਇੱਕ ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦੀਆਂ ਧਮਕੀਆਂ ਵੀ ਦਿੱਤੀ ਜਾ ਰਹੀਆਂ ਸਨ। ਜਿਸ ਸਬੰਧੀ ਉਹ ਸਾਨੂੰ ਫ਼ੋਨ ਕਾਲ ਕਰ ਕੇ ਦੱਸਦਾ ਰਹਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਹਫ਼ਤਾ ਪਹਿਲਾ ਉਨ੍ਹਾਂ ਨੂੰ ਹਰਪ੍ਰੀਤ ਦੀ ਮੌਤ ਦੀ ਖ਼ਬਰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹੱਲੇ ਤੱਕ ਹਰਪ੍ਰੀਤ ਦਾ ਪੋਸਟਮਾਰਟਮ ਤੱਕ ਨੀ ਹੋਇਆ। ਉਨ੍ਹਾਂ ਮੰਗ ਕੀਤੀ ਕਿ ਹਰਪ੍ਰੀਤ ਦੀ ਮੌਤ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਹਰਪ੍ਰੀਤ ਦੇ ਪਿਤਾ ਨੇ ਵੀ ਕਿਹਾ ਕਿ ਉਨ੍ਹਾਂ ਦਾ ਬੇਟਾ ਬਹੁਤ ਮਜ਼ਬੂਤ ਜੇਰੇ ਦਾ ਸੀ ਉਹ ਆਤਮਹੱਤਿਆ ਨੀ ਕਰ ਸਕਦਾ ਜ਼ਰੂਰ ਇਸ ਪਿੱਛੇ ਕੋਈ ਸਾਜ਼ਿਸ਼ ਹੈ ਜਿਸ ਦੀ ਜਾਂਚ ਹੋਵੇ ਤੇ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।